ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅਨਿੰਨਦਿਤਾ ਮਿੱਤਰਾ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾਂਉਦੇ ਹੋਏ।
ਹੁਣ ਤੱਕ 1ਲੱਖ 68 ਹਜਾਰ ਮੀਟ੍ਰਿਕ ਟਨ ਝੋਨਾਂ ਮੰਡੀਆਂ ਵਿੱਚ ਪੁੱਜਾ
ਡਾਇਰੈਕਟਰ ਵੱਲੋਂ ਰਾਜਪੁਰਾ ਮੰਡੀ ਦਾ ਦੌਰਾ-ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾਈ
ਰਾਜਪੁਰਾ/ਪਟਿਆਲਾ, 8 ਅਕਤੂੁਬਰ 2019: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਆਈ.ਏ.ਐਸ. ਨੇ ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਪੁੱਜ ਕੇ ਜਿੱਥੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਉਥੇ ਹੀ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਸ਼ੁਰੂ ਕਰਵਾਈ।
ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਸਾਉਣੀ ਦੇ ਇਸ ਸੀਜਨ ਦੌਰਾਨ 170 ਲੱਖ ਮੀਟ੍ਰਿਕ ਟਨ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ 7 ਅਕਤੂਬਰ ਸ਼ਾਮ ਤੱਕ 1 ਲੱਖ 68 ਹਜਾਰ ਮੀਟ੍ਰਿਕ ਟਨ ਝੋਨਾ ਪੁੱਜ ਚੁੱਕਾ ਹੈ। ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ ਸਾਰੀਆ ਖਰੀਦ ਏਜੰਸੀਆਂ ਨੂੰ ਝੋਨੇ ਦੀ ਖਰੀਦ ਤੇ ਲਿਫਟਿੰਗ ਤੇਜ ਕਰਨ ਦੀਆਂ ਹਦਾਇਤਾਂ ਦਿੱਤੀਆਂ। ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਵਿੱਚ 4 ਹਜਾਰ 93 ਚੋਲ ਮਿੱਲਾਂ ਰਜਿਸਟਿਰਡ ਹਨ ਜਿਹਨਾਂ ਵਿਚੋਂ ਅਲਾਟਮੈਂਟ ਲਈ ਹੁਣ ਤੱਕ ਪੁੱਜੀਆਂ 1645 ਫਾਇਲਾਂ ਵਿਚੋਂ 1335 ਨੂੰ ਅਲਾਟਮੈਂਟ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ ਮੰਡੀਆਂ ਵਿੱਚ ਲੋੜੀਂਦੀਆਂ ਸਹੂਲਤਾਂ ਅਤੇ ਬਾਰਦਾਨੇ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਝੋਨਾ ਵੇਚਣ ਮੌਕੇ ਕੋਈ ਦਿੱਕਤ ਪੇਸ਼ ਨਾ ਆਵੇ। ਡਾਇਰੈਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕਈ ਸੀਨੀਅਰ ਆਈ.ਐਸ. ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਅਲਾਟ ਕੀਤੇ ਗਏ ਜ਼ਿਲ੍ਹਿਆਂ ਵਿੱਚ ਝੋਨੇ ਦੀ ਖਰੀਦ ਦੇ ਪ੍ਰਬੰਧਾਂ 'ਤੇ ਲਗਾਤਾਰ ਨਜ਼ਰ ਰੱਖਣਗੇ।
ਰਾਜਪੁਰਾ ਮੰਡੀ ਦੇ ਦੌਰੇ ਮੌਕੇ ਸ਼੍ਰੀਮਤੀ ਮਿੱਤਰਾ ਕਿਸਾਨਾਂ, ਆੜਤੀਆਂ ਅਤੇ ਸ਼ੈਲਰ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਵੀ ਮਿਲੇ। ਇਸ ਮੌਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਅੰਜੂਮਨ ਭਾਸਕਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀ ਹਰਸ਼ਰਨਜੀਤ ਸਿੰਘ ਬਰਾੜ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਮੌਜੂਦ ਸਨ।