ਅੰਮ੍ਰਿਤਸਰ, 9 ਅਕਤੂਬਰ - ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਝੰਡੇ ਬੁੰਗੇ ਸਾਹਿਬ ਵਿਖੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ 27ਵੀਂ ਬਰਸੀ ਮਨਾਈ ਗਈ।
ਸ਼ਿਰੋਮਣੀ ਕਮੇਟੀ ਵਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ .
ਇਸ ਦੌਰਾਨ ਭਾਈ ਕੰਵਰਪਾਲ ਸਿੰਘ, ਪ੍ਰੋ. ਬਲਜਿੰਦਰ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਹਰਪਾਲ ਸਿੰਘ ਚੀਮਾ ਅਤੇ ਭਾਈ ਮੋਹਕਮ ਸਿੰਘ ਤੋਂ ਇਲਾਵਾ ਹੋਰ ਕਈ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
ਆਪ੍ਰੇਸ਼ਨ ਬਲੂ ਸਟਾਰ 1984 'ਚ ਹੋਇਆ ਸੀ ਜਿਸ ਦਾ ਸੰਤਾਪ ਪੂਰਾ ਭਾਰਤ ਕਈ ਸਾਲਾਂ ਤੱਕ ਝੱਲਦਾ ਰਿਹਾ। ਇਸ ਦੌਰਾਨ ਕਿੰਨ੍ਹੀਆਂ ਹੀ ਜਾਨਾਂ ਗਈਆਂ ਅਤੇ ਕਿੰਨ੍ਹੀਆਂ ਹੀ ਅਪਰਾਧਿਕ ਗਤੀਵਿਧੀਆਂ ਦੀ ਨੀਂਹ ਰੱਖੀ ਗਈ। ਆਪ੍ਰੇਸ਼ਨ ਬਲੂ ਸਟਾਰ 1984 ਤੋਂ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਇਦਰਾ ਗਾਂਧੀ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਸੀ। ਜਿਸ ਤੋਂ ਬਾਅਦ ਪੂਰੇ ਭਾਰਤ 'ਚ ਦੰਗੇ ਭੜਕ ਗਏ ਸਨ ਅਤੇ ਹਜ਼ਾਰਾਂ ਹੀ ਮਾਸੂਮ ਅਤੇ ਨਿਰਦੋਸ਼ ਸਿੱਖਾਂ ਨੂੰ ਕਤਲ ਕੀਤਾ ਜਾਣ ਲੱਗਿਆ ਸੀ। ਇਸ ਆਪ੍ਰੇਸ਼ਨ ਬਲੂ ਸਟਾਰ 1984 'ਚ ਸ਼ਾਮਿਲ ਜਨਰਲ ਅਰੁਣ ਵੈਦ ਨੂੰ ਵੀ ਸੁੱਖਾ ਅਤੇ ਜਿੰਦਾ ਵੱਲੋਂ ਪੂਰੀ ਯੋਜਨਾ ਉਲੀਕ ਕੇ ਕਤਲ ਕੀਤਾ ਗਿਆ ਸੀ ਅਤੇ ਬਾਅਦ 'ਚ ਉਨ੍ਹਾਂ ਦੋਵਾਂ ਨੂੰ 9 ਅਕਤੂਬਰ 1992 ਨੂੰ ਪੂਣੇ ਦੀ ਯਰਵੜਾ ਜ਼ੇਲ੍ਹ 'ਚ ਫਾਂਸੀ ਦਿੱਤੀ ਗਈ ਸੀ।
ਕੌਣ ਸਨ ਸੁੱਖਾ ਅਤੇ ਜਿੰਦਾ....
ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੋਵੇ ਹੀ ਸਿੱਖ ਆਰਗਨਾਈਜੇਸ਼ਨ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਸਨ। ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਦੀ ਘਟਨਾ ਤੋਂ ਬਾਅਦ ਕਈ ਵੱਡੇ ਕਾਰਨਾਮਿਆ ਨੂੰ ਅੰਜਾਮ ਦਿੱਤਾ ਸੀ।
ਹਰਜਿੰਦਰ ਸਿੰਘ ਜਾਣੀ ਕਿ ਜਿੰਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦਾ ਜਨਮ ਚਾਰ ਅਪ੍ਰੈਲ 1962 ਨੂੰ ਹੋਇਆ ਸੀ ਅਤੇ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਸਮੇਂ ਜਿੰਦਾ ਖਾਲਸਾ ਕਾਲਜ ਅੰਮ੍ਰਿਤਸਰ 'ਚ ਬੀਏ ਦੇ ਦੂਜੇ ਸਾਲ 'ਚ ਪੜ੍ਹ ਰਿਹਾ ਸੀ। ਇਸ ਅਪ੍ਰੇਸ਼ਨ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਜੁੜ ਗਿਆ ਸੀ।
ਸੁਖਦੇਵ ਸਿੰਘ ਸੁੱਖਾ ਦਾ ਜਨਮ ਰਾਜਸਥਾਨ ਦੇ ਗੰਗਾਨਗਰ 'ਚ ਹੋਇਆ ਸੀ, ਉਸ ਦੇ ਮਾਤਾ-ਪਿਤਾ ਵੀ ਕਿਸਾਨ ਸਨ। ਸੁੱਖਾ ਵੀ ਜਿੰਦਾ ਵਾਂਗ ਹੀ ਕਰਨਪੁਰ ਦੇ ਗਿਆਨ-ਜੋਤੀ ਕਾਲਜ 'ਚ ਬੀਏ ਕਰ ਰਿਹਾ ਸੀ ਅਤੇ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਜੁੜ ਗਿਆ ਸੀ।
ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਕਈ ਵੱਡੀਆਂ ਹਸਤੀਆਂ ਦਾ ਕਤਲ ਕੀਤਾ ਜਿਨ੍ਹਾਂ 'ਚ ਕਾਂਗਰਸ ਦੇ ਸਾਂਸਦ ਲਲਿਤ ਮਾਕਨ ਦਾ ਵੀ ਨਾਂਅ ਸ਼ਾਮਿਲ ਹੈ। 31 ਜੁਲਾਈ 1985 ਨੂੰ ਜਦੋਂ ਲਲਿਤ ਮਾਕਨ ਤਿਲਕ ਨਗਰ, ਦਿੱਲੀ 'ਚ ਸਥਿਤ ਆਪਣੇ ਘਰ 'ਚੋਂ ਨਿੱਕਲ ਕੇ ਕਾਰ 'ਚ ਬੈਠ ਕੇ ਸੜਕ 'ਤੇ ਪਹੁੰਚੇ ਤਾਂ ਸੁੱਖਾ ਅਤੇ ਜਿੰਦਾ ਨੇ ਆਪਣੇ ਇੱਕ ਤੀਸਰੇ ਸਾਥੀ ਰਣਜੀਤ ਸਿੰਘ ਗਿੱਲ ਦੀ ਮਦਦ ਨਾਲ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ 'ਚ ਮਾਕਨ ਦੀ ਪਤਨੀ ਗਿਤਾਂਜ਼ਲੀ ਅਤੇ ਇੱਕ ਰਿਸ਼ਤੇਦਾਰ ਦੇ ਵੀ ਗੋਲੀਆਂ ਲੱਗੀਆਂ ਸਨ ਅਤੇ ਜਿਸ ਤੋਂ ਬਾਅਦ ਇੰਟਰਪੋਲ ਦੀ ਮਦਦ ਨਾਲ ਰਣਜੀਤ ਸਿੰਘ ਨੂੰ ਅਮਰੀਕਾ 'ਚੋਂ ਫੜਿਆ ਗਿਆ ਸੀ ਅਤੇ ਇੱਕ ਲੰਬੀ ਸੁਣਵਾਈ ਤੋਂ ਬਾਅਦ ਉਸ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ।
ਲਲਿਤ ਮਾਕਨ ਤੋਂ ਬਾਅਦ ਸੁੱਖਾ ਅਤੇ ਜਿੰਦਾ ਨੇ ਇੱਕ ਹੋਰ ਕਾਂਗਰਸ ਦੇ ਪ੍ਰਮੁੱਖ ਲੀਡਰ ਅਰਜਨ ਦਾਸ ਦੀ ਪੰਜ ਸਤੰਬਰ 1985 ਨੂੰ ਹੱਤਿਆ ਕਰ ਦਿੱਤੀ ਸੀ। ਨਾਨਾਵਤੀ ਕਮਿਸ਼ਨ ਦੇ ਸਹਾਮਣੇ ਪੇਸ਼ ਹੋਏ ਸਿੱਖ ਦੰਗਾ ਪੀੜਤਾਂ ਨੇ ਵੀ ਅਰਜਨ ਦਾਸ ਦਾ ਨਾਂਅ ਲਿਆ ਸੀ ਅਤੇ ਦੰਗਿਆਂ 'ਚ ਅਰਜਨ ਦਾਸ ਦੀ ਸਾਮੂਲੀਅਤ ਦੱਸੀ ਸੀ। ਇਸ ਤੋਂ ਬਿਨਾਂ ਇੰਦਰਾ ਗਾਂਧੀ ਦੇ ਬੇਟੇ ਰਾਜੀਵ ਗਾਂਧੀ ਨਾਲ ਵੀ ਉਸ ਦੀ ਕਾਫੀ ਨੇੜਤਾ ਸੀ।
ਆਪ੍ਰੇਸ਼ਨ ਬਲੂ ਸਟਾਰ 'ਚ ਸ਼ਾਮਿਲ ਜਨਰਲ ਅਰੁਣ ਵੈਦ ਨੂੰ ਵੀ 10 ਅਗਸਤ 1986 ਦੇ ਦਿਨ ਸੁੱਖਾ ਅਤੇ ਜਿੰਦਾ ਨੇ ਉਸ ਸਮੇਂ ਗੋਲੀਆਂ ਨਾਲ ਭੁੰਨ ਦਿੱਤਾ ਸੀ ਜਦੋਂ ਉਹ ਆਪਣੀ ਪਤਨੀ ਦੇ ਨਾਲ ਮਾਰਕੀਟ ਤੋਂ ਘਰ ਪਰਤ ਰਿਹਾ ਸੀ। ਤਾਂ ਰਾਸਤੇ 'ਚ ਹੀ ਦੋਵਾਂ ਨੇ ਘੇਰ ਕੇ ਜਨਰਲ ਵੈਦ ਨੂੰ ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਤੇ ਜਨਰਲ ਦੇ ਨਾਲ ਬੈਠੀ ਉਸ ਦੀ ਪਤਨੀ ਨੂੰ ਵੀ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ।
ਜਨਰਲ ਵੈਦ ਦੀ ਹੱਤਿਆ ਤੋਂ ਬਾਅਦ ਜਦੋਂ ਸੁੱਖਾ ਹਥਿਆਰ ਲੈਣ ਲਈ ਪੂਣੇ ਪਰਤਿਆ ਤਾਂ ਉਸ ਦਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਯਰਵੜਾ ਦੀ ਜ਼ੇਲ੍ਹ ਭੇਜ ਦਿੱਤਾ। ਸੁੱਖਾ ਦੀ ਗ੍ਰਿਫਤਾਰੀ ਤੋਂ ਬਾਅਦ ਜਿੰਦਾ ਨੇ ਆਪਣੇ ਹੋਰ ਸਾਥੀਆਂ ਨਾਲ 13 ਫਰਵਰੀ 1987 ਨੂੰ ਲੁਧਿਆਣਾ ਦੇ ਮਿਲਰ ਗੰਜ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਕਰੀਬ ਪੌਣੇ ਛੇ ਕਰੋੜ ਦੀ ਡਕੈਤੀ ਕੀਤੀ। ਜਿਸ 'ਚ ਕੁੱਲ ਪੰਦਰਾਂ ਲੋਕ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਪੁਲਿਸ ਦੀ ਵਰਦੀ ਪਾ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਹ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ ਸੀ ਜੋ ਕਿ ਲਿਮਕਾ ਬੁੱਕ 'ਚ ਵੀ ਦਰਜ ਹੈ।
ਬੈਂਕ ਡਕੈਤੀ ਤੋਂ ਦੇ ਇੱਕ ਮਹੀਨੇ ਬਾਅਦ ਪੁਲਿਸ ਨੇ ਜਿੰਦਾ ਨੂੰ ਵੀ ਗ੍ਰਿਫਤਾਰ ਕਰ ਲਿਆ। ਜਿੰਦਾ ਮਜਨੂੰ ਟਿੱਲਾ ਇਲਾਕੇ 'ਚ ਇੱਕ ਗੁਰਦੁਆਰਾ ਸਾਹਿਬ 'ਚ ਲੁਕਿਆ ਹੋਇਆ ਸੀ। ਜਿੰਦਾ ਦੀ ਗ੍ਰਿਫਤਾਰੀ ਤੋਂ ਬਾਅਦ ਦੋਵੇਂ ਸਾਥੀ ਫਿਰ ਤੋਂ ਤੋ ਜ਼ੇਲ੍ਹ 'ਚ ਇਕੱਠੇ ਹੋ ਗਏ। ਦੋਵਾਂ 'ਤੇ ਇਕੱਠੇ ਹੀ ਕੇਸ ਚੱਲਿਆ ਅਤੇ ਦੋਵਾਂ ਨੇ ਤਿੰਨ ਕਤਲ ਕਬੂਲ ਕੀਤੇ ਪਰ ਖੁਦ ਨੂੰ ਦੋਸ਼ੀ ਨਹੀਂ ਮੰਨਿਆ ਅਤੇ ਆਪ੍ਰੇਸ਼ਨ ਬਲੂ ਸਟਾਰ ਅਤੇ ਉਸ ਤੋਂ ਬਾਅਦ ਦੰਗਿਆ ਦੌਰਾਨ ਗਈਆਂ ਕੀਮਤੀ ਜਾਨਾਂ ਦਾ ਇਨਸਾਫ ਦੱਸਿਆ। ਇਸ ਤੋਂ ਬਿਨਾਂ ਉਨਾਂ ਨੇ ਰਾਸ਼ਰਟਪਤੀ ਨੂੰ ਇੱਕ ਖਤ ਵੀ ਲਿਖਿਆ ਸੀ ਜਿਸ 'ਚ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਪਣੀ ਸਜ਼ਾ ਮੁਆਫ ਨਾ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦੋਵਾਂ ਨੂੰ 9 ਅਕਤੂਬਰ 1992 ਨੂੰ ਪੂਣੇ ਦੀ ਯਰਵੜਾ ਜ਼ੇਲ੍ਹ 'ਚ ਫਾਂਸੀ ਦਿੱਤੀ ਗਈ ਸੀ।