← ਪਿਛੇ ਪਰਤੋ
ਲੁਧਿਆਣਾ 09 ਅਕਤੂਬਰ 2019: ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਮੱਕੀ-ਕਣਕ ਫ਼ਸਲੀ ਚੱਕਰ ਵਿੱਚ ਸੰਯੁਕਤ ਪੋਸ਼ਣ ਪ੍ਰਬੰਧਨ ਬਾਰੇ ਇੱਕ ਖੇਤ ਦਿਵਸ ਪਿੰਡ ਹੈਬੋਵਾਲ ਜ਼ਿਲ•ਾ ਹੁਸ਼ਿਆਰਪੁਰ ਵਿੱਚ ਆਯੋਜਿਤ ਕੀਤਾ ਗਿਆ । ਇਸ ਕੈਂਪ ਵਿੱਚ ਹੈਬੋਵਾਲ ਅਤੇ ਨੇੜਲੇ ਪਿੰਡਾਂ ਸੇਵਾਨ ਅਤੇ ਕੰਬਾਲਾ ਤੋਂ 60 ਦੇ ਕਰੀਬ ਕਿਸਾਨ ਸ਼ਾਮਿਲ ਹੋਏ । ਇਸ ਕੈਂਪ ਦਾ ਮੁੱਖ ਉਦੇਸ਼ ਬਰਸਾਤੀ ਪਾਣੀ ਵਾਲੇ ਖੇਤਰਾਂ ਵਿੱਚ ਕਣਕ ਅਤੇ ਮੱਕੀ ਦੇ ਫ਼ਸਲੀ ਚੱਕਰ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਪੋਸ਼ਣ ਪ੍ਰਬੰਧ ਦੀ ਵਾਕਫ਼ੀ ਕਿਸਾਨਾਂ ਤੱਕ ਪਹੁੰਚਾਉਣਾ ਸੀ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਲੋਪਾਮੁਦਰਾ ਮੋਹਪਾਤਰਾ ਨੇ ਫ਼ਸਲਾਂ, ਧਰਤੀ ਅਤੇ ਮਨੁੱਖੀ ਸਿਹਤ ਲਈ ਸੰਤੁਲਿਤ ਖਾਦਾਂ ਦੇ ਲਾਭ ਬਾਰੇ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਖਾਦਾਂ ਦੀ ਢੁੱਕਵੀਂ ਅਤੇ ਸੁਚੱਜੀ ਵਰਤੋਂ ਲਈ ਉਤਸ਼ਾਹਿਤ ਕੀਤਾ । ਉਹਨਾਂ ਨੇ ਸੰਯੁਕਤ ਪੋਸ਼ਣ ਪ੍ਰਬੰਧ ਦੀਆਂ ਵੱਖ-ਵੱਖ ਤਕਨੀਕਾਂ ਦੀ ਜਾਣਕਾਰੀ ਦਿੱਤੀ ਅਤੇ ਗਰੀਨ ਮੈਨੂਰਿੰਗ, ਜੈਵਿਕ ਖਾਦਾਂ ਅਤੇ ਪੀ.ਏ.ਯੂ. ਪੱਤਾ ਰੰਗ ਚਾਰਟ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ । ਇਸ ਮੌਕੇ ਭੂਮੀ ਵਿਗਿਆਨ ਵਿਭਾਗ ਦੇ ਭੂਮੀ ਰਸਾਇਣ ਦੇ ਮਾਹਿਰ ਡਾ. ਵਿਵੇਕ ਸ਼ਰਮਾ ਨੇ ਖੇਤੀ ਨੂੰ ਹੋਰ ਲਾਹੇਵੰਦ ਧੰਦਾ ਬਨਾਉਣ ਲਈ ਛੋਟੇ ਪੱਧਰ ਦੀਆਂ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਲਈ ਕਿਸਾਨਾਂ ਨੂੰ ਕਈ ਨੁਕਤੇ ਦੱਸੇ । ਉਹਨਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਮਿੱਟੀ ਅਤੇ ਪਾਣੀ ਦੀ ਪਰਖ ਖੇਤੀ ਖਰਚਿਆਂ ਨੂੰ ਕਾਬੂ ਹੇਠ ਰੱਖਣ ਦਾ ਬਿਹਤਰ ਤਰੀਕਾ ਹੈ । ਇਸ ਮੌਕੇ ਖੋਜਾਰਥੀ ਜਗਜੀਤ ਸਿੰਘ ਸੰਧੂ ਨੇ ਪ੍ਰਦਰਸ਼ਿਤ ਖੇਤ ਤੱਕ ਕਿਸਾਨਾਂ ਦੀ ਅਗਵਾਈ ਕੀਤੀ ਜਿੱਥੇ ਕਿਸਾਨਾਂ ਨੇ ਬਹੁਤ ਤੀਬਰਤਾ ਨਾਲ ਇਸ ਵਿਸ਼ੇ ਪ੍ਰਤੀ ਹੋਰ ਸਵਾਲ ਪੁੱਛੇ ।
Total Responses : 189