ਪਟਿਆਲਾ, 9 ਅਕਤੂਬਰ 2019 - ਇੰਜ: ਬਲਦੇਵ ਸਿੰਘ ਸਰਾਂ, ਸੀ.ਐੱਮ.ਡੀ., ਪੀ.ਐੱਸ.ਪੀ.ਸੀ.ਐੱਲ. ਨੇ ਸੂਚਿਤ ਕੀਤਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜਮੈਂਟ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਬਹੁਤ ਗੰਭੀਰ ਹੈ ਅਤੇ ਰਿਸ਼ਵਤਖੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਇੱਕ ਮੁੱਖ ਇੰਜੀਨੀਅਰ ਦੇ ਵਿਰੁੱਧ ਕੁਰੱਪਸ਼ਨ ਸਬੰਧੀ ਆਡੀਓ ਕਲਿੱਪ ਪ੍ਰਾਪਤ ਹੋਈ ਸੀ, ਜਿਸ ਸਬੰਧੀ ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਟਿਆਲਾ ਵਿਖੇ ਪੂਰਨਕਾਲੀ ਡਾਇਰੈੱਕਟਰਜ਼ ਦੀ ਮੀਟਿੰਗ ਬੁਲਾਈ ਗਈ ਅਤੇ ਸਬੰਧਤ ਮੁੱਖ ਇੰਜੀਨੀਅਰਜ਼ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ, ਪ੍ਰੰਤੂ ਸਬੰਧਤ ਮੁੱਖ ਇੰਜੀਨੀਅਰ ਆਪਣੇ ਤੇ ਲੱਗੇ ਕੁਰੱਪਸ਼ਨ ਸਬੰਧੀ ਦੋਸ਼ ਦੇ ਸਬੂਤ ਵੱਜੋਂ ਪ੍ਰਾਪਤ ਹੋਈ ਆਡੀਓ ਕਲਿੱਪ ਦੀ ਸੱਚਾਈ ਨੂੰ ਨਕਾਰ ਨਹੀਂ ਸਕਿਆ, ਜਿਸ ਨੂੰ ਵਿਚਾਰਨ ਉਪਰੰਤ ਪੂਰਨਕਾਲੀ ਡਾਇਰੈੱਕਟਰਜ. ਵੱਲੋਂ ਅੱਜ ਮਿਤੀ: 09.10.2019 ਨੂੰ ਸਬੰਧਤ ਮੁੱਖ ਇੰਜੀਨੀਅਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਪੂਰਨਕਾਲੀ ਡਾਇਰੈੱਕਟਰਜ. ਵੱਲੋਂ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਮੁੱਖ ਇੰਜੀਨੀਅਰ/ ਤਕਨੀਕੀ ਪੜ੍ਹਤਾਲ ਅਤੇ ਇੰਸਪੈਕਸ.ਨ, ਪੀ.ਐੱਸ.ਪੀ.ਸੀ.ਐੱਲ., ਪਟਿਆਲਾ ਅਤੇ ਮੁੱਖ ਇੰਜੀਨੀਅਰ/ ਈ.ਏ. ਐੱਡ ਇਨਫੋਰਸਮੈਂਟ, ਪੀ.ਐੱਸ.ਪੀ.ਸੀ.ਐੱਲ., ਪਟਿਆਲਾ ਦੀ ਕਮੇਟੀ ਗਠਿਤ ਕੀਤੀ ਗਈ, ਜਿਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਪੜ੍ਹਤਾਲ ਰਿਪੋਰਟ ਪੇਸ਼ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਪੂਰਨਕਾਲੀ ਡਾਇਰੈੱਕਟਰਜ਼ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਪੀ.ਐੱਸ.ਪੀ.ਸੀ.ਐੱਲ. ਵਿੱਚ ਕੁਰੱਪਸ਼ਨ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।