ਸੰਗਰੂਰ, 9 ਅਕਤੂਬਰ 2019 - ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈਕੋਰਟ ਵੱਲੋਂ ਸਮੇਂ ਸਮੇਂ 'ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਅੱਜ ਜ਼ਿਲ੍ਹਾ ਸੰਗਰੂਰ ਦੇ ਬਿਨੈਕਾਰਾਂ ਨੂੰ ਦੀਵਾਲੀ ਅਤੇ ਗੁਰਪੁਰਬ ਦੇ ਮੱਦੇਨਜ਼ਰ ਛੋਟੇ ਪਟਾਖਿਆਂ ਦੀ ਵਿਕਰੀ ਤੇ ਖਰੀਦ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਰਾਹੀਂ ਯੋਗ ਬਿਨੈਕਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਅਤੇ ਐਸ.ਡੀ.ਐਮ ਸ਼੍ਰੀ ਬਬਨਦੀਪ ਸਿੰਘ ਵਾਲੀਆ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਇਸੰਸਾਂ ਸਬੰਧੀ ਪਰਚੀ ਕੱਢ ਕੇ ਨਾਂਵਾਂ ਦਾ ਐਲਾਨ ਕੀਤਾ ਗਿਆ। ਇਸ ਸਮੁੱਚੀ ਡਰਾਅ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਲਈ ਕੁਲ 70 ਬਿਨੈਕਾਰਾਂ ਨੇ ਫਾਰਮ ਜਮ੍ਹਾਂ ਕਰਵਾਏ ਸਨ ਜਿਸ ਵਿੱਚ ਸੰਗਰੂਰ ਸਬ-ਡਵੀਜ਼ਨ ਤੋਂ 19 ਬਿਨੇਕਾਰਾਂ, ਸੁਨਾਮ ਤੋਂ 15 ਬਿਨੇਕਾਰਾਂ , ਧੂਰੀ ਤੋਂ 25 ਅਤੇ ਮਲੇਰਕੋਟਲਾ ਤੋਂ 11 ਬਿਨੈਕਾਰਾਂ ਨੇ ਫਾਰਮ ਜਮ੍ਹਾਂ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਬਾਕੀ 5 ਸਬ ਡਵੀਜ਼ਨਾਂ ਲਹਿਰਾ, ਮੂਨਕ, ਭਵਾਨੀਗੜ੍ਹ, ਅਹਿਮਦਗੜ੍ਹ ਅਤੇ ਦਿੜ੍ਹਬਾ ਤੋਂ ਕਿਸੇ ਵੀ ਬਿਨੈਕਾਰ ਨੇ ਆਰਜ਼ੀ ਲਾਇਸੰਸ ਲਈ ਬਿਨੈ ਨਹੀਂ ਕੀਤਾ। ਅੱਜ ਕੱਢੇ ਗਏ ਡਰਾਅ ਦੇ ਤਹਿਤ ਸਬ ਡਵੀਜ਼ਨ ਸੰਗਰੂਰ ਦੇ 5, ਸਬ ਡਵੀਜ਼ਨ ਧੂਰੀ ਦੇ 3, ਸਬ ਡਵੀਜ਼ਨ ਸੁਨਾਮ ਦੇ 2 ਅਤੇ ਮਲੇਰਕੋਟਲਾ ਦੇ 1 ਬਿਨੇਕਾਰ ਨੂੰ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਗਰੂਰ ਲਈ ਉਡੀਕ ਸੂਚੀ 'ਚ 2 ਜਦਕਿ ਧੂਰੀ, ਸੁਨਾਮ ਤੇ ਮਲੇਰਕੋਟਲਾ ਲਈ 1-1 ਬਿਨੈਕਾਰ ਨੂੰ ਰੱਖਿਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਸਮੂਹ ਬਿਨੇਕਾਰਾਂ ਨੂੰ ਮਾਣਯੋਗ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਦਿਸ਼ਾ ਨਿਰਦੇਸਾਂ ਦੀ ਇੰਨ ਬਿੰਨ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਪਟਾਕਿਆਂ ਦਾ ਭੰਡਾਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਵਿੱਚ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਬ-ਡਵੀਜ਼ਨ ਸੰਗਰੂਰ 'ਚ ਰਣਬੀਰ ਕਾਲਜ ਗਰਾਉਂਡ ਵਾਲੀ ਜਗ੍ਹਾ, ਸਬ-ਡਵੀਜ਼ਨ ਸੁਨਾਮ 'ਚ ਸ਼ਹੀਦ ਊਧਮ ਸਿੰਘ ਕਾਲਜ ਦੇ ਪਿਛਲੇ ਪਾਸੇ ਪਾਰਕਿੰਗ ਵਾਲੀ ਜਗ੍ਹਾ, ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ, ਮਿਊਂਸੀਪਲ ਸਟੇਡੀਅਮ, ਤੋਲਾਵਾਲ ਰੋਡ ਚੀਮਾ, ਸਬ ਡਵੀਜ਼ਨ ਧੂਰੀ 'ਚ ਢਿੱਲੋਂ ਰੈਸਟੋਰੈਟ ਦੇ ਸਾਹਮਣੇ ਮੰਡੀ ਵਾਲੀ ਰੋਡ ਨੇੜੇ ਮਾਰਕਿਟ ਕਮੇਟੀ ਧੂਰੀ, ਅਨਾਜ ਮੰਡੀ ਵਿੱਚ ਰਾਮ ਲੀਲਾ ਗਰਾਊਂਡ ਸ਼ੇਰਪੁਰ, ਸਬ ਡਵੀਜ਼ਨ ਲਹਿਰਾ 'ਚ ਦੂਗਾਲ ਰੋਡ ਤੇ ਬਣਿਆ ਨਵਾਂ ਖੇਡ ਸਟੇਡੀਅਮ, ਸਬ ਡਵੀਜ਼ਨ ਭਵਾਨੀਗੜ੍ਹ 'ਚ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ, ਸਬ ਡਵੀਜ਼ਨ ਦਿੜ੍ਹਬਾ 'ਚ ਸਟੇਡੀਅਮ ਗਾਂਮੜੀ ਰੋਡ, ਸਬ ਡਵੀਜ਼ਨ ਅਹਿਮਦਗੜ੍ਹ 'ਚ ਐਮ.ਜੀ.ਐਮ.ਐਨ ਸੀਨੀਅਰ ਸੈਕੰਡਰੀ ਸਕੂਲ, ਟਿਊਬਵੈੱਲ ਨੰਬਰ 2 ਅਹਿਮਦਗੜ੍ਹ ਕੋਲ ਖਾਲੀ ਪਈ ਜਗ੍ਹਾ, ਸਬ ਡਵੀਜ਼ਨ ਮਲੇਰਕੋਟਲਾ 'ਚ ਪੀ.ਡਬਲਿਊ.ਡੀ. ਰੈਸਟ ਹਾਊਸ ਦੇ ਸਾਹਮਣੇ ਡਿਫੈਂਸ ਵਿਭਾਗ ਦੀ ਖਾਲੀ ਪਈ ਜਗ੍ਹਾ, ਅਨਾਜ ਮੰਡੀ ਦੇ ਸਾਹਮਣੇ ਦੁਸਹਿਰਾ ਗਰਾਊਂਡ, ਅਮਰਗੜ੍ਹ, ਸਬ ਡਵੀਜ਼ਨ ਮੂਨਕ 'ਚ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ, ਮਿਊਂਸੀਪਲ ਖੇਡ ਸਟੇਡੀਅਮ ਖਨੌਰੀ ਸ਼ਾਮਲ ਹਨ।