ਪਟਿਆਲਾ, 10 ਅਕਤੂਬਰ 2019 - ਪਟਿਆਲਾ ਦੇ ਇਤਿਹਾਸਕ ਬਾਰਾਂਦਰੀ ਬਾਗ ਨੂੰ ਉਸ ਦੀ ਪੁਰਾਤਨ ਦਿਖ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕਿਆ ਗਿਆ ਹੈ ਜਿਸ ਤਹਿਤ ਬਾਰਾਂਦਰੀ ਬਾਗ ਦੀ ਕਾਇਆ ਕਲਪ ਕਰਨ ਲਈ ਦੋ ਪੜਾਵਾਂ ਵਿੱਚ ਕੰਮ ਨੂੰ ਨੇਪਰੇ ਚਾੜਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਇਸ ਪ੍ਰੋਜੈਕਟ ਦੀ ਖੁਦ ਨਿਗਰਾਨੀ ਕਰ ਰਹੇ ਹਨ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਜੋ ਕਿ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਬਾਗਬਾਨੀ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਬਾਰਾਂਦਰੀ ਬਾਗ ਦਾ ਜਾਇਜਾ ਲੈਣ ਲਈ ਪੁਜੇ ਸਨ, ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਨਾਲ ਬਾਰਾਂਦਰੀ ਬਾਗ ਦਾ ਬਹੁਤ ਹੀ ਬਰੀਕੀ ਨਾਲ ਮੁਆਇਨਾ ਕਰਕੇ ਉਥੇ ਹੋਣ ਵਾਲੀ ਸੁਧਾਰਾਂ ਅਤੇ ਕੰਮਾਂ ਦਾ ਵੇਰਵਾ ਇਕੱਤਰ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਬਾਰਾਂਦਰੀ ਬਾਗ ਦੇ ਸੁਕ ਚੁੱਕੇ ਪੁਰਾਣੇ ਬੂਟਿਆਂ ਨੂੰ ਤਬਦੀਲ ਕਰਕੇ ਉਥੇ ਉਸੇ ਕਿਸਮ ਦੇ ਬੂਟੇ ਲਗਾਏ ਜਾਣਗੇ ਇਸ ਕੰਮ ਦੀ ਜਿੰਮੇਵਾਰੀ ਜੰਗਲਾਤ ਵਿਭਾਗ ਨੂੰ ਸੌਂਪੀ ਗਈ ਹੈ। ਉਹਨਾਂ ਦੱਸਿਆ ਬਾਰਾਂਦਰੀ ਬਾਗ ਦੀ ਮੁਕੰਮਲ ਸਫਾਈ ਕਰਕੇ ਸੈਰ ਕਰਨ ਆਉਂਦੇ ਲੋਕਾਂ ਦੀ ਸਹੂਲਤ ਲਈ ਨਵੀਂਆਂ ਸਟਰੀਟ ਲਾਈਟਾਂ, ਪੁਰਾਣੀਆਂ ਦੀ ਮੁਰੰਮਤ, ਸੜਕਾਂ ਤੇ ਚਾਰਦੀਵਾਰੀ, ਨਵੇਂ ਸਾਈਨ ਬੋਰਡ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਬਾਰਾਂਦਰੀ ਬਾਗ ਵਿੱਚ ਸੈਰ ਕਰਨ ਆਉਂਦੇ ਲੋਕਾਂ ਦੇ ਕਸਰਤ ਕਰਨ ਲਈ ਇੱਕ ਓਪਨ ਜਿੰਮ ਵੀ ਸਥਾਪਿਤ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਬਾਰਾਂਦਰੀ ਬਾਗ ਦੇ ਇਤਿਹਾਸਕ ਫਰਨ ਹਾਊਸ ਦੀ ਮੁਰੰਮਤ ਕਰਕੇ ਉਸਨੂੰ ਲੋਕਾਂ ਲਈ ਖੋਲਿਆ ਜਾਵੇਗਾ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਾਰਾਂਦਰੀ ਬਾਗ ਵਿੱਚ ਪੁਰਾਣੇ ਸੁੱਕੇ ਪੱਤਿਆਂ ਤੋਂ ਖਾਦ ਬਣਾਉਣ ਲਈ ਦੋ ਕੰਪੋਸਟ ਪਿੱਟਾਂ ਬਣਾਉਣ ਦੀ ਹਦਾਇਤ ਵੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਉਥੇ ਪੁਰਾਣੇ ਦੁਰਲੱਭ ਦਰੱਖਤਾਂ ਅਤੇ ਲੱਗੇ ਬੁੱਤਾਂ ਤੇ ਹੋਰ ਯਾਦਗਾਰਾਂ ਨੂੰ ਰੰਗਦਾਰ ਲਾਈਟਾਂ ਨਾਲ ਸਜਾਇਆ ਜਾਵੇਗਾ। ਉਹਨਾਂ ਦੱਸਿਆ ਕਿ ਬਾਰਾਂਦਰੀ ਪ੍ਰੋਜੈਕਟ ਦੇ ਦੂਜੇ ਪੜਾਅ ਤਹਿਤ ਉਥੇ ਸਥਿਤ ਫੁਆਰਿਆਂ ਦੀ ਮੁਰੰਮਤ ਕਰਕੇ ਉਹਨਾਂ ਨੂੰ ਪੁਰਾਣੀ ਦਿੱਖ ਪ੍ਰਦਾਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜਰ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਰਾਂਦਰੀ ਬਾਗ ਵਿੱਚ ਗੈਰ ਸਮਾਜੀ ਅਨਸਰਾਂ ਦੇ ਦਾਖਲੇ ਨੂੰ ਰੋਕਣ ਲਈ ਉਥੇ ਸੁਰੱਖਿਆ ਗਾਰਡ ਵੀ ਤੈਨਾਤ ਕੀਤੇ ਜਾਣ।
ਡਿਪਟੀ ਕਮਿਸ਼ਨਰ ਵੱਲੋਂ ਬਾਰਾਂਦਰੀ ਦੇ ਕੀਤੇ ਇਸ ਦੌਰੇ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ੍ਰੀ ਰਵਿੰਦਰ ਸਿੰਘ ਅਰੋੜਾ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਕਰਨੈਲ ਸਿੰਘ, ਵਣ ਮੰਡਲ ਅਫ਼ਸਰ ਸ. ਹਰਭਜਨ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਨਵੀਨ ਮਿੱਤਲ, ਸ੍ਰੀ ਦਵਿੰਦਰ ਕੌਸ਼ਲ, ਸ੍ਰੀ ਐਸ.ਐਲ. ਗਰਗ, ਸ੍ਰੀ ਦਲੀਪ ਕੁਮਾਰ, ਐਸ.ਡੀ.ਓ. ਸ. ਗਗਨਦੀਪ ਸਿੰਘ, ਪ੍ਰੋ. ਸੰਤੋਖ ਸਿੰਘ, ਜਨ ਹਿਤ ਸੰਮਤੀ ਦੇ ਸ੍ਰੀ ਵਿਨੋਦ ਸ਼ਰਮਾ ਅਤੇ ਬਾਗਬਾਨੀ ਵਿਕਾਸ ਅਫ਼ਸਰ ਸ. ਕੁਲਵਿੰਦਰ ਸਿੰਘ ਵੀ ਮੌਜੂਦ ਸਨ।