ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਤੇ ਹੋਰ।
ਐਸ.ਏ.ਐਸ. ਨਗਰ, 12 ਅਕਤੂਬਰ 2019: ਪੰਜਾਬ ਸਰਕਾਰ ਅਤੇ ‘ਪਾਰਟੀਸ਼ਨ ਮਿੳੂਜ਼ੀਅਮ ਅੰਮਿ੍ਰਤਸਰ’ ਵਿਚਾਲੇ ਹੋਏ ਸਮਝੌਤੇ ਤਹਿਤ ਅੱਜ ਇੱਥੇ ਸਰਕਾਰੀ ਕਾਲਜ ਫ਼ੇਜ਼-6 ਵਿੱਚ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ ਲਾਈ ਗਈ। ਇਹ ਮਲਟੀਮੀਡੀਆ ਪ੍ਰਦਰਸ਼ਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਸਰਗਰਮ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਇਸ ਦਾ ਉਦਘਾਟਨ ਅੱਜ ਮੁਹਾਲੀ ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਨੇ ਸਰਕਾਰੀ ਕਾਲਜ ਮੁਹਾਲੀ ਦੀ ਪਿ੍ਰੰਸੀਪਲ ਸ੍ਰੀਮਤੀ ਕੋਮਲ ਬਰੋਕਾ ਤੇ ਹੋਰਾਂ ਦੀ ਮੌਜੂਦਗੀ ਵਿੱਚ ਕੀਤਾ। 20 ਅਕਤੂਬਰ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਦਾਖ਼ਲਾ ਮੁਫ਼ਤ ਹੋਵੇਗਾ। ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨੀ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਬਠਿੰਡਾ ਤੇ ਪਟਿਆਲਾ ਵਿੱਚ ਲੱਗ ਚੁੱਕੀ ਹੈ ਅਤੇ ਮੁਹਾਲੀ ਵਿੱਚ ਇਹ ਪ੍ਰਦਰਸ਼ਨੀ ਦਾ ਅੰਤਮ ਪੜਾਅ ਹੈ। ਇਸ ਪ੍ਰਦਰਸ਼ਨੀ ਦਾ ਪ੍ਰਬੰਧ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਸਹਿਗਲ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਇਸ ਸਾਕੇ ਬਾਰੇ ਜਾਣੰੂ ਕਰਵਾਉਣ ਦਾ ਇਹ ਨਿਵੇਕਲਾ ਤਰੀਕਾ ਹੈ।
‘ਦਿ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ, ਨਵੀਂ ਦਿੱਲੀ’ ਦੀ ਅਪਰੇਸ਼ਨਜ਼ ਮੈਨੇਜਰ ਪਰੀ ਬੈਸਿਆ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਜਲਿਆਂਵਾਲਾ ਬਾਗ ਸਾਕੇ ਦੇ ਇਤਿਹਾਸ ਉਤੇ ਕੇਂਦਰਤ ਹੈ। ਪਾਰਟੀਸ਼ਨ ਮਿੳੂਜ਼ੀਅਮ ਦੀ ਖੋਜ ਦੌਰਾਨ ਇਸ ਸਾਕੇ ਨਾਲ ਸਬੰਧਤ ਕਈ ਨਵੇਂ ਤੱਥ ਮਿਲੇ, ਜੋ ਉਸ ਸਮੇਂ ਦੇ ਅਖ਼ਬਾਰਾਂ, ਰਿਪੋਰਟਾਂ ਤੇ ਤਸਵੀਰਾਂ ਉਤੇ ਆਧਾਰਤ ਹਨ। ਉਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਦੌਰਾਨ ਜਲਿਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਨੂੰ ਵਿਆਪਕ ਪਰਿਪੇਖ ਵਿੱਚ ਦੇਖਣ ਦੇ ਨਾਲ ਨਾਲ ਇਸ ਦੇ ਬਾਅਦ ਵਿੱਚ ਲੋਕਾਂ ਦੀ ਜ਼ਿੰਦਗੀ ਉਤੇ ਪਏ ਪ੍ਰਭਾਵਾਂ ਨੂੰ ਵੀ ਦਰਸਾਇਆ ਗਿਆ ਹੈ। ਇਹ ਪ੍ਰਦਰਸ਼ਨੀ ਇਹ ਵੀ ਦਰਸਾਉਂਦੀ ਹੈ ਕਿ ਜਲਿਆਂਵਾਲਾ ਬਾਗ ਸਾਕਾ ਬਸਤੀਵਾਦੀ ਦਮਨ ਦੇ ਵਡੇਰੇ ਸਿਸਟਮ ਦਾ ਇਕ ਹਿੱਸਾ ਸੀ।