ਗੁਰਨਾਮ ਸਿੱਧੂ
ਫ਼ਿਰੋਜ਼ਪੁਰ 12 ਅਕਤੂਬਰ 2019: ਆਰਕੈਸਟਰਾ ਨਾਲ ਸਬੰਧਤ ਇੱਕ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿਚ ਪੁਲਿਸ ਥਾਣਾ ਜ਼ੀਰਾ ਸਿਟੀ ਵਲੋਂ 6 ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ੀਰਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਲੜਕੀ ਨੇ ਦੋਸ਼ ਲਗਾਇਆ ਕਿ ਉਹ ਜ਼ੀਰਾ ਦੀ ਬਸਤੀ ਮਾਛੀਆਂ ਵਿਖੇ ਬੂਟੀਕ ਚਲਾਉਂਦੀ ਹੈ ਅਤੇ ਆਰਕੈਸਟਰਾ ਦਾ ਕੰਮ ਵੀ ਕਰਦੀ ਹੈ । ਲੜਕੀ ਨੇ ਦੋਸ਼ ਲਗਾਇਆ ਕਿ ਸੁਖਚੈਨ ਸਿੰਘ ਨਾਂਅ ਦੇ ਵਿਅਕਤੀ ਨਾਲ ਉਸ ਦੀ ਦੋਸਤੀ ਸੀ ਅਤੇ ਸੁਖਚੈਨ ਸਿੰਘ ਵਿਆਹ ਦਾ ਝਾਂਸਾ ਦੇ ਕੇ ਅਕਸਰ ਹੀ ਉਸ ਨਾਲ ਸਰੀਰਿਕ ਸਬੰਧ ਬਣਾਉਂਦਾ ਰਿਹਾ। ਲੜਕੀ ਨੇ ਦੋਸ਼ ਲਗਾਇਆ ਕਿ ਬੀਤੀ 9 ਅਕਤੂਬਰ ਨੂੰ ਜਦੋਂ ਉਹ ਆਪਣੀ ਭਤੀਜੀ ਅਤੇ ਓਹ ਐਕਟਿਵਾ 'ਤੇ ਕਿਤੇ ਜਾ ਰਹੀਆਂ ਸਨ, ਤਾਂ ਸੁਖਚੈਨ ਸਿੰਘ ਅਤੇ ਉਸ ਦੇ ਸਾਥੀ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਉਸ ਨੂੰ ਧੱਕੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ । ਸੁਖਚੈਨ ਨੇ ਸਨੇਰ ਰੋਡ ਸਮਾਧੀ ਮੁਹੱਲਾ ਜ਼ੀਰਾ ਵਿਖੇ ਲਿਜਾ ਕੇ ਸੁਖਚੈਨ ਸਿੰਘ ਨੇ ਮੁੱਦਈਆ ਦੇ ਨਾਲ ਬਲਾਤਕਾਰ ਕੀਤਾ ਅਤੇ ਧਮਕੀਆਂ ਦਿੱਤੀਆਂ ਜਦਕਿ ਬਾਕੀ ਸਾਥੀਆਂ ਨੇ ਮੁੱਦਈਆ ਦੀ ਕੁੱਟਮਾਰ ਕੀਤੀ ਪਰ ਮੁੱਦਈਆ ਦੇ ਰੌਲਾ ਪਾਉਣ 'ਤੇ ਸੁਖਚੈਨ ਸਿੰਘ ਅਤੇ ਉਸ ਦੇ ਸਾਥੀ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਸੁਖਚੈਨ ਸਿੰਘ ਉਰਫ਼ ਸੁੱਖਾ ਪੁੱਤਰ ਗੁਲਸ਼ਨ, ਵੀਰੂ ਦਰਜੀ, ਰਾਜੂ, ਮੰਨੂ, ਪਾਲੀ, ਵਿਜੈ ਅਤੇ ਕਮਲ ਵਾਸੀਅਨ ਜ਼ੀਰਾ ਸਿਟੀ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਏਐਸਆਈ ਨੇ ਦੱਸਿਆ ਕਿ ਪੀੜਤ ਲੜਕੀ ਦਾ ਸਿਵਲ ਹਸਪਤਾਲ ਜ਼ੀਰਾ ਵਿਖੇ ਮੈਡੀਕਲ ਚੈੱਕਅੱਪ ਕਰਵਾਇਆ ਜਾ ਰਿਹਾ ਹੈ।