ਨਵਾਂ ਸ਼ਹਿਰ, 12 ਅਕਤੂਬਰ ,2019: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਅੱਜ ਉਪ ਮੰਡਲ ਅਫ਼ਸਰਾਂ ਅਤੇ ਖਰੈਦ ਏਜੰਸੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰ ਕੇ ਜ਼ਿਲ੍ਹੇ ਚ ਝੋਨੇ ਦੀ ਚਾਲ ਰਹਿ ਖਰੀਦ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਇਸ ਮੌਕੇ ਸਮੂਹ ਉਪ ਮੰਡਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀ ਸਬ ਡਵੀਜਨ ਚ ਪੈਂਦੀਆਂ ਮੰਡੀਆਂ ਦਾ ਦੌਰਾ ਕਰਦੇ ਰਹਿਣ ਤੇ ਕਿਸਾਨਾਂ ਨੂੰ ਕਿਸੇ ਵਿੰਤਰਾਂ ਦੀ ਮੁਸ਼ਕਿਲ ਨਾ ਆਉਣ ਦੇਣ।
ਉਨ੍ਹਾਂ ਕਿਹਾ ਕਿ ਮੰਡੀਆਂ ਚ ਖਰੀਦ ਕਾਰਜ ਕਿਸੇ ਵੀ ਤਰਾਂ ਢਿੱਲੇ ਨਾ ਪੈਣ ਦਿੱਤੇ ਜਾਣ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾਵੇ। ਉਨ੍ਹਾਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਮੰਡੀਆਂ ਚ ਸੁੱਕੀ ਜੀਰੀ ਬੜੀ ਆਮਦ ਲਈ ਕਿਸਾਨਾਂ ਨੂੰ ਪ੍ਰੇਰਿਆ ਜਾਵੇ ਅਤੇ ਕੰਬਾਈਨ ਹਾਰਵੈਸਟਰ ਰਾਹੀਂ ਕਟਾਈ ਨੂੰ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਨਾ ਹੋਣ ਦਿੱਤਾ ਜਾਵੇ।
ਉਨ੍ਹਾਂ ਨੇ ਸਮੂਹ ਉਪ ਮੰਡਲ ਅਫ਼ਸਰਾਂ ਨੂੰ ਉਨ੍ਹਾਂ ਦੀ ਅਗਵਾਈ ਹੇਠ ਹਰੇਕ ਬਲਾਕ ਚ ਪਰਾਲੀ ਤੇ ਹੋਰ ਫ਼ਸਲੀ ਰਹਿੰਦ ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਪ੍ਰਤੀ ਬਲਾਕ ਬਣਾਈਆਂ ਗਈਆਂ ਦੋ ਦੋ ਨਿਗਰਾਨ ਟੀਮਾਂ ਦੀ ਕਾਰਗੁਜ਼ਾਰੀ ਨੂੰ ਵੀ ਗਹੁ ਨਾਲ ਦੇਖਣ ਲਈ ਕਿਹਾ ਗਿਆ ਅਤੇ ਇਸ ਗੱਲ ਨੂੰ ਵੀ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰਤੀ ਪਿੰਡ ਤਾਇਨਾਤ ਕੀਤੇ ਗਏ ਨੋਡਲ ਅਫ਼ਸਰਾਂ ਨਾਲ ਵੀ ਤਾਲ ਮੇਲ ਰੱਖਿਆ ਜਾਵੇ।
ਸ਼੍ਰੀ ਬਬਲਾਨੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਤਕ ਜ਼ਿਲ੍ਹੇ ਦੀਆਂ ਮੰਡੀਆਂ ਚੋਂ 49307 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕਾਰਜ ਨਿਰਵਿਘਨ ਚੱਲ ਰਹੇ ਹਨ ਅਤੇ ਕੋਈ ਮੁਸ਼ਕਿਲ ਨਹੀਂ ਹੈ।
ਮੀਟਿੰਗ ਚ ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ, ਉਪਮੰਡਲ ਅਫ਼ਸਰ ਬੰਗਾ ਗੌਤਮ ਜੈੰਨ, ਜਸਬੀਰ ਸਿੰਘ ਬਲਾਚੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਜਨੀਸ਼ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ।