ਅਜੋਕੇ ਸਮੇਂ 'ਚ ਸਿੱਖਿਆ ਖੇਤਰ ਦੇ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਕਿਸੇ ਵੀ ਭਾਸ਼ਾ 'ਚ ਸਹੀ ਸ਼ਬਦਾਂ ਦੀ ਵਰਤੋਂ ਅਤੇ ਢੁਕਵੇਂ ਸ਼ਬਦਾਂ ਦੀ ਪਛਾਣ ਕਰਨਾ ਜਿੱਤ ਦੀ ਪ੍ਰਾਪਤੀ 'ਚ ਮਹੱਤਵਪੂਰਣ ਸਥਾਨ ਰੱਖਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਜਸਟਿਸ ਸ੍ਰੀ ਐਸ.ਐਸ. ਸਾਰੋਂ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਚੇਅਰਮੈਨ ਪੰਜਾਬ ਰੈਵੀਨਿਊ ਕਮਿਸ਼ਨ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਨੈਸ਼ਨਲ ਮੂਟ ਕੋਰਟ ਮੁਕਾਬਲਿਆਂ ਦੇ ਸਮਾਪਤੀ ਸਮਾਗਮ ਦੌਰਾਨ ਕੀਤਾ। ਅੱਜ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਚੰਡੀਗੜ੍ਹ ਯੂਨੀਵਰਸੀਟੀ ਵੱਲੋਂ ਕਰਵਾਏ 'ਕੰਪੀਟੀਸ਼ਨ ਆਫ਼ ਲਾਅ' ਅਤੇ 'ਸੰਵਿਧਾਨਿਕ ਕਾਨੂੰਨ' ਵਿਸ਼ਿਆਂ 'ਤੇ ਆਧਾਰਿਤ ਨੈਸ਼ਨਲ ਮੂਟ ਕੋਰਟ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋ ਗਏ।ਇਸ ਮੌਕੇ ਸ੍ਰੀ ਪੀ.ਐਨ ਪਰਾਸ਼ਰ ਸਾਬਕਾ ਸੀਸੀਆਈ ਅਤੇ ਸੀਏਟੀ ਮੈਂਬਰ ਅਤੇ ਸ੍ਰੀ ਕੁਲਦੀਪ ਕੁਮਾਰ ਜੁਆਇੰਟ ਡਾਇਰੈਕਟਰ (ਲਾਅ) ਸੀਸੀਆਈ ਵੀ ਵਿਸੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਟੀਮਾਂ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸ੍ਰੀ ਐਸ.ਐਸ. ਸਾਰੋਂ ਨੇ ਕਾਨੂੰਨ ਦੇ ਵਿਦਿਆਰਥੀਆਂ ਲਈ ਮੂਟ ਕੋਰਟ ਮੁਕਾਬਲਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮੂਟ ਕੋਰਟ ਮੁਕਾਬਲੇ ਕਾਨੂੰਨ ਦੇ ਵਿਦਿਆਰਥੀਆਂ ਲਈ ਜਿਥੇ ਬਹੁਤ ਹੀ ਕਾਰਗਰ ਸਾਬਤ ਹੁੰਦੇ ਹਨ ਉਥੇ ਉਨ੍ਹਾਂ ਵਿੱਚ ਚੰਗੀ ਬਹਿਸ ਕਰਨ ਅਤੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੇ ਹਨ ਅਤੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਉਸਾਰੂ ਵਿਚਾਰ-ਵਟਾਂਦਰਾ ਕਰਨ ਲਈ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵੱਲੋਂ ਦਿੱਤੀਆਂ ਜਾਂਦੀਆਂ ਆਧੁਨਿਕ ਸਹੂਲਤਾਂ ਦਾ ਲਾਭ ਲੈਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੂਟ ਕੋਰਟ ਮੁਕਾਬਲੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਮਹੱਤਤਾ ਰੱਖਦੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਰਾਹੀਂ ਜਿਥੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਉਥੇ ਕਾਨੂੰਨ ਦੀ ਪੜ੍ਹਾਈ ਵਿੱਚ ਕੁਝ ਨਵਾਂ ਸਿੱਖਣ ਦਾ ਵੀ ਮੌਕਾ ਪ੍ਰਦਾਨ ਹੁੰਦਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਮੂਟ ਕੋਰਟ ਮੁਕਾਬਲਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕੁੱਲ 40 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ ਜਿਨ੍ਹਾਂ ਵਿਚੋਂ 30 ਟੀਮਾਂ ਨੇ ਮੂਟ ਕੋਰਟ ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ। ਇਸ ਦੌਰਾਨ ਐਨਏਐਸਏਆਰ ਯੂਨੀਵਰਸਿਟੀ ਆਫ਼ ਲਾਅ ਹੈਦਰਾਬਾਦ, ਸਰਕਾਰੀ ਲਾਅ ਕਾਲਜ ਮੁੰਬਈ, ਗੀਤਾ ਇੰਸਟੀਚਿਊਟ ਆਫ਼ ਲਾਅ ਪਾਣੀਪਤ, ਸੀਐਨਐਲ ਯੂਨੀਵਰਸਿਟੀ ਪਟਨਾ, ਆਰਜੀਐਨ ਯੂਨੀਵਰਸਿਟੀ ਆਫ਼ ਲਾਅ ਪਟਿਆਲਾ, ਨੈਸ਼ਨਲ ਲਾਅ ਯੂਨੀਵਰਸਿਟੀ ਆਸਾਮ, ਯੂਪੀਈਐਸ ਯੂਨੀਵਰਸਿਟੀ ਦੇਹਰਾਦੂਨ ਆਦਿ ਦੇ ਵਿਦਿਆਰਥੀਆਂ ਨੇ ਮੂਟ ਕੋਰਟ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ।ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਸ਼ੁਰੂਆਤੀ ਰਾਊਂਡ ਵਿੱਚ 30 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ 'ਕੰਪੀਟੀਸ਼ਨ ਕਾਨੂੰਨ' ਅਤੇ 'ਸੰਵਿਧਾਨਿਕ ਕਾਨੂੰਨ' ਵਿਸ਼ਿਆਂ ਸਬੰਧੀ ਆਪਣੇ ਕੇਸ ਪੇਸ਼ ਕੀਤੇ।ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਦਿੱਲੀ ਹਾਈਕੋਰਟ ਦੇ 30 ਸਾਲਾਂ ਤੋਂ ਵੱਧ ਤਜ਼ਰਬਾ ਪ੍ਰਾਪਤ ਸੀਨੀਅਰ ਵਕੀਲਾਂ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਕੁਆਟਰ ਫਾਈਨਲ ਰਾਊਂਡ ਲਈ 8 ਟੀਮਾਂ ਦੀ ਚੋਣ ਕੀਤੀ ਅਤੇ ਸੈਮੀਫਾਈਨਲ ਲਈ 4 ਟੀਮਾਂ ਦੀ ਚੋਣ ਕੀਤੀ। ਮੂਟ ਕੋਰਟ ਦੇ ਤੀਜੇ ਦਿਨ ਟੀਮਾਂ ਦੇ ਸੈਮੀਫਾਈਨਲ ਰਾਊਂਡ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਫਾਈਨਲ ਵਿੱਚ ਸਰਕਾਰੀ ਲਾਅ ਕਾਲਜ ਮੁੰਬਈ ਅਤੇ ਗੀਤਾ ਇੰਸਟੀਚਿਊਟ ਆਫ਼ ਲਾਅ ਪਾਣੀਪਤ ਦੀ ਟੀਮ ਪਹੁੰਚੀ। ਜਿਨ੍ਹਾਂ ਨੇ ਮੁਕਾਬਲੇ ਦੇ ਵਿਸ਼ਿਆਂ ਸਬੰਧੀ ਦਲੀਲਾਂ ਮੁੱਖ ਜੱਜ ਜਸਟਿਸ ਸ੍ਰੀ ਐਸ.ਐਸ. ਸਾਰੋਂ, ਸ੍ਰੀ ਪੀ.ਐਨ ਪਰਾਸ਼ਰ ਅਤੇ ਸ੍ਰੀ ਕੁਲਦੀਪ ਕੁਮਾਰ ਸਾਹਮਣੇ ਪੇਸ਼ ਕੀਤੀਆਂ।
ਇਸ ਦੌਰਾਨ ਸਰਕਾਰੀ ਲਾਅ ਕਾਲਜ ਮੁੰਬਈ ਦੇ ਵਿਦਿਆਰਥੀ ਦਿਵਾਂਸ਼, ਜੈਨੇਅ, ਪ੍ਰਾਨਵ ਦੀ ਟੀਮ ਮੂਟ ਕੋਰਟ ਮੁਕਾਬਲੇ ਦੌਰਾਨ ਜੇਤੂ ਰਹੀ ਅਤੇ ਗੀਤਾ ਇੰਸਟੀਚਿਊਟ ਆਫ਼ ਲਾਅ ਪਾਣੀਪਤ ਦੇ ਵਿਦਿਆਰਥੀ ਨਿਧੀ, ਖ਼ੁਸ਼ਬੂ, ਤਰੁਣ ਦੀ ਟੀਮ ਰਨਰਅੱਪ ਰਹੀ। ਇਨ੍ਹਾਂ ਮੁਕਾਬਲਿਆਂ ਦੌਰਾਨ ਬੈਸਟ ਰੀਸਰਚਰ ਦਾ ਐਵਾਰਡ ਡਾ. ਅੰਬੇਦਕਰ ਲਾਅ ਯੂਨੀਵਰਸਿਟੀ ਤਾਮਿਲਨਾਡੂ ਦੇ ਵਿਦਿਆਰਥੀ ਸ਼ਾਇਦ ਅਲੀ, ਬੈਸਟ ਮੂਟਰ ਦਾ ਐਵਾਰਡ ਡਾ. ਅੰਬੇਦਕਰ ਲਾਅ ਯੂਨੀਵਰਸਿਟੀ ਤਾਮਿਲਨਾਡੂ ਦੇ ਵਿਦਿਆਰਥੀ ਜਾਇਆ ਰਾਜਾ ਪਾਊਲਾਇਨ ਅਤੇ ਬੈਸਟ ਮੈਮੋਰੀਅਲ ਦਾ ਐਵਾਰਡ ਸਾਂਈਬਿਊਸਿਸ ਲਾਅ ਸਕੂਲ ਪੂਨੇ ਦੇ ਵਿਦਿਆਰਥੀਆਂ ਸਾਰਥਿਕ ਮਿਸ਼ਰਾ, ਰੀਆ ਬਜਾਜ, ਰਿਤਕ ਯਾਦਵ ਨੂੰ ਮਿਲਿਆ। ਜੇਤੂ ਟੀਮਾਂ ਨੂੰ ਜੱਜ ਜਸਟਿਸ ਸ੍ਰੀ ਐਸ.ਐਸ. ਸਾਰੋਂ, ਸ੍ਰੀ ਪੀ.ਐਨ ਪਰਾਸ਼ਰ ਅਤੇ ਸ੍ਰੀ ਕੁਲਦੀਪ ਕੁਮਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਰ ਆਰ.ਐਸ. ਬਾਵਾ ਜੀ ਵੱਲੋਂ ਜੇਤੂ ਨੂੰ 51000 ਰੁਪਏ, ਰਨਰ ਅੱਪ ਟੀਮ ਨੂੰ 21000 ਰੁਪਏ, ਬੈਸਟ ਮੈਮੋਰੀਅਲ 7000, ਬੈਸਟ ਮੂਟਰ ਅਤੇ ਬੈਸਟ ਰਿਸਰਚਰ ਨੂੰ 5000 ਰੁਪਏ ਦੇ ਨਕਦ ਇਨਾਮ ਅਤੇ ਟਰਾਫ਼ੀਆਂ ਤਕਸੀਮ ਕੀਤੀਆਂ ਗਈਆਂ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ. ਬਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਕੌਮੀ ਪੱਧਰੀ ਮੁਕਾਬਲੇ ਵਿਦਿਆਰਥੀਆਂ ਨੂੰ ਮਾਨਸਿਕਤਾ, ਸਖ਼ਸੀਅਤ ਉਸਾਰੀ ਅਤੇ ਅਕਾਦਮਿਕ ਖੇਤਰ ਵਿੱਚ ਯੋਗ ਬਣਾਉਣ ਵਿੱਚ ਸਹਾਈ ਹੁੰਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਕਾਨੂੰਨ ਖੇਤਰ ਨਾਲ ਜੁੜੇ ਵਿਦਿਆਰਥੀਆਂ ਨੂੰ ਆਪਣੇ ਲਿਖਤੀ ਅਤੇ ਜੁਬਾਨੀ ਵਕਾਲਤ ਦੇ ਹੁਨਰਾਂ ਅਤੇ ਮੁਕਾਮਾਂ 'ਤੇ ਪਹੁੰਚਣ ਲਈ ਚੰਗੇ ਮੌਕੇ ਪ੍ਰਦਾਨ ਕਰਦੇ ਹਨ। ਇਸ ਮੌਕੇ ਉਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।