ਲੁਧਿਆਣਾ, 13 ਅਕਤੂਬਰ 2019 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਕ ਸਿੱਖ ਨੌਜਵਾਨ ਉੱਤੇ ਹਮਲਾ ਅਤੇ ਉਸ ਦੇ ਕਕਾਰਾਂ ਦਾ ਨਿਰਾਦਰ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਘਿਨੌਣੀ ਹਰਕਤ ਲਈ ਜ਼ਿੰਮੇਵਾਰ ਮੰਤਰੀ ਅਤੇ ਬਾਕੀ ਵਿਅਕਤੀਆਂ ਖ਼ਿਲਾਫ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਖਾ ਵਿਧਾਨ ਸਭਾ ਹਲਕੇ ਵਿਚ ਪੈਂਦੇ ਪਿੰਡ ਬੱਦੋਵਾਲ ਦੇ ਇੱਕ ਸਿੱਖ ਨੌਜਵਾਨ ਗੁਰਸੇਵਕ ਸਿੰਘ ਗੋਰਾ ਨੂੰ ਜਲੀਲ ਕਰਨ ਦੇ ਇਰਾਦੇ ਨਾਲ ਉਸ ਦੇ ਕੇਸਾਂ ਅਤੇ ਦਸਤਾਰ ਉੱਤੇ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਘਿਨੌਣੀ ਹਰਕਤ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਕਾਨੂੰਨ ਦਾ ਪਾਲਣ ਕੀਤਾ ਜਾਵੇ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਆਸ਼ੂ ਖ਼ਿਲਾਫ ਕੇਸ ਦਰਜ ਕੀਤਾ ਜਾਵੇ।
ਅਕਾਲੀ ਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਦਾ ਕਾਂਗਰਸ ਪਾਰਟੀ ਅੰਦਰਲੀ ਧੜੇਬੰਦੀ ਨਾਲ ਕੋਈ ਵਾਸਤਾ ਨਹੀਂ ਹੈ, ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਸਾਡੀ ਚਿੰਤਾ ਸਿਰਫ ਇਹ ਹੈ ਕਿ ਇਕ ਕੈਬਨਿਟ ਮੰਤਰੀ ਨੇ ਸਿੱਖ ਵਿਅਕਤੀ ਦੇ ਕੱਕਾਰਾਂ ਉੱਤੇ ਹਮਲਾ ਕੀਤਾ ਹੈ ਅਤੇ ਕਾਨੂੰਨ ਮੁਤਾਬਿਕ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕੀਤਾ ਜਾਵੇ ਨਹੀਂ ਤਾਂ ਅਕਾਲੀ ਦਲ ਨੂੰ ਇਨਸਾਫ ਲੈਣ ਲਈ ਅੰਦੋਲਨ ਸ਼ੁਰੂ ਕਰਨਾ ਪਵੇਗਾ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਕੇਸ ਨੇ ਕਾਂਗਰਸ ਪਾਰਟੀ ਅਤੇ ਇਸ ਆਗੂਆਂ ਦੇ ਸਿੱਖ ਵਿਰੋਧੀ ਸੁਭਾਅ ਨੂੰ ਇਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਨੂੰ ਸਿੱਖਾਂ ਲਈ ਪਵਿੱਤਰ ਮੰਨੇ ਜਾਂਦੇ ਪੰਜ ਕੱਕਾਰਾਂ ਉਤੇ ਹਮਲਾ ਕਰਨ ਵਿਚ ਕੋਈ ਡਰ ਜਾਂ ਚਿੰਤਾ ਮਹਿਸੂਸ ਨਹੀਂ ਹੁੰਦੀ। ਅਜਿਹੀ ਹਰਕਤ ਕਰਨ ਤੋਂ ਬਾਅਦ ਵੀ ਉਹਨਾਂ ਨੇ ਕੋਈ ਸ਼ਰਮ ਜਾਂ ਪਛਤਾਵਾ ਮਹਿਸੂਸ ਨਹੀਂ ਕੀਤਾ ਹੈ। ਅਕਾਲੀ ਦਲ ਇਸ ਮੁੱਦੇ ਉੱਤੇ ਚੁੱਪ ਕਰਕੇ ਨਹੀਂ ਬੈਠੇਗਾ ਅਤੇ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਏਗਾ।