ਬੀਬਾ ਹਰਸਿਮਰਤ ਕੌਰ ਬਾਦਲ
ਜਗਦੀਸ਼ ਥਿੰਦ
ਜਲਾਲਾਬਾਦ 14 ਅਕਤੂਬਰ : ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਰਾਜ ਸਿੰਘ ਦੀ ਚੋਣ ਮੁਹਿੰਮ ਨੂੰ ਹੋਰ ਭਖਾਉਣ ਲਈ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜਲਾਲਾਬਾਦ ਨਗਰ ਦੇ ਵੱਖ -ਵੱਖ ਵਾਰਡਾਂ ਵਿੱਚ ਪੁੱਜ ਕੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨਗੇ ।
ਸ਼੍ਰੋਮਣੀ ਅਕਾਲੀ ਦਲ ਮੀਡੀਆ ਸੈੱਲ ਦੇ ਇੰਚਾਰਜ ਐਡਵੋਕੇਟ ਕਰਮਜੀਤ ਸਿੰਘ ਸੰਧੂ ਅਨੁਸਾਰ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ 20 ਸਥਾਨਾਂ 'ਤੇ ਬੀਬਾ ਹਰਸਿਮਰਤ ਕੌਰ ਦੇ ਪ੍ਰੋਗਰਾਮ ਰੱਖੇ ਗਏ ਹਨ ।
ਉਹ ਘਰ - ਘਰ ਜਾ ਕੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟ ਦੇਣ ਲਈ ਲਾਮਬੱਦ ਕਰਨਗੇ ।
ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ,
ਪਾਰਟੀ ਉਮੀਦਵਾਰ ਰਾਜ ਸਿੰਘ , ਪ੍ਰੇਮ ਵਲੇਚਾ , ਅਸ਼ੋਕ ਅਨੇਜਾ , ਸਵੀਟਾ ਮਦਾਨ ਖੁਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਬੀਬੀਆਂ ਵੀ ਕੇਂਦਰੀ ਮੰਤਰੀ ਦੇ ਨਾਲ ਚੋਣ ਪ੍ਰਚਾਰ ਤੇ ਚੱਲਣਗੀਆਂ ।
ਇਸ ਜਿਮਨੀ ਚੋਣ ਵਿੱਚ ਦੋਨਾਂ ਮੁੱਖ ਧਿਰਾਂ ਵੱਲੋਂ ਪੂਰੀ ਤਾਕਤ ਲਗਾਈ ਜਾ ਰਹੀ ਹੈ ।
ਕਾਂਗਰਸ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ ਵਿੱਚ ਪੰਜਾਬ ਸਰਕਾਰ ਦੇ ਮੰਤਰੀ , ਮੈਂਬਰ ਪਾਰਲੀਮੈਂਟ ਸਾਬਕਾ ਮੰਤਰੀ ਅਤੇ ਹੋਰ ਆਗੂ ਤੁਰੇ ਹੋਏ ਹਨ ।
ਆਵਲਾ ਪਰਿਵਾਰ ਦੀਆਂ ਔਰਤਾਂ ਵੱਲੋਂ ਵੀ ਘਰ -ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਮੇਜਾ ਸਿੰਘ ਸੇਖੋਂ ਨੂੰ ਅਬਜ਼ਰਵਰ ਲਗਾਇਆ ਗਿਆ ਹੈ ।
ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਹਲਕੇ ਅੰਦਰ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਆ ਰਹੇ ਹਨ ।
ਬੀਬਾ ਹਰਸਿਮਰਤ ਕੌਰ ਬਾਦਲ ਦੀ ਜਲਾਲਾਬਾਦ ਫੇਰੀ ਅਕਾਲੀ ਦਾਲ ਦੀ ਚੋਣ ਮੁਹਿੰਮ ਵਿੱਚ ਨਵੀਂ ਰੂਹ ਫੂਕੇਗੀ ।