ਫਰੀਦਕੋਟ, 14 ਅਕਤੂਬਰ, 2019 : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਚੌਥੀ ਵਰੇਗੰਢ ਅੱਜ ਮਨਾਈ ਜਾ ਰਹੀ ਹੈ।
ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਬਰਗਾੜੀ ਵਿਚ ਸਿੱਖ ਸੰਗਤ ਨੂੰ ਨਾਲ ਲੈ ਕੇ ਗੈਰ ਸਿਆਸੀ ਇਕੱਠ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਅਤੇ ਇਸ ਦਿਨ ਨੂੰ ਕਾਲੇ ਦਿਹਾੜੇ ਵਜੋਂ ਮਨਾਉਣਗੇ।
ਦੱਸਣਯੋਗ ਹੈ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਚ ਪੁਲਿਸ ਦੇ ਤਸ਼ੱਦਦ ਖਿਲਾਫ ਸ਼ਾਂਤਮਈ ਰੋਸ ਧਰਨਾ ਦੇ ਰਹੇ ਸਿੱਖ ਸੰਗਤ ਉਪਰ ਗੋਲੀ ਚਲਾ ਕੇ ਪੁਲਿਸ ਨੇ ਪਿੰਡ ਸਰਾਵਾਂ ਦੇ ਵਸਨੀਕ ਗੁਰਜੀਤ ਸੰਘ ਅਤੇ ਨਿਆਂਮੀਵਾਲਾ ਦੇ ਵਸਨੀਕ ਕ੍ਰਿਸ਼ਨ ਭਗਵਾਨ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੋਟਕਪੁਰਾ ਗੋਲੀ ਕਾਂਡ ਵਿਚ 44 ਵਿਅਕਤੀ ਜ਼ਖ਼ਮੀ ਹੋ ਗਏ ਸਨ। ਕੋਟਕਪੁਰਾ ਗੋਲੀ ਕਾਂਡ ਨੂੰ ਪੁਲਿਸ ਨ ਆਪਣੇ ਉਪਰ ਹੋਇਆ ਹਮਲਾ ਕਰਾਰ ਦੇ ਕੇ ਵੱਡੀ ਪੱਧਰ 'ਤੇ ਝੂਠੇ ਦਸਤਾਵੇਜ਼ ਅਤੇ ਗਵਾਹੀਆਂ ਤਿਆਰ ਕੀਤੀਆਂ ਸਨ ਪਰ ਮੁਢਲੀ ਪੜਤਾਲ ਤੋਂ ਸਪਸ਼ਟ ਹੋਇਆ ਸੀ ਕਿ ਇਹ ਗੋਲੀਕਾਂਡ ਇਕ ਉਚ ਪੱਧਰ ਦੇ ਪੁਲਿਸ ਅਫਸਰ ਦੇ ਇਸ਼ਾਰੇ 'ਤੇ ਵਾਪਰਿਆ ਸੀ।
ਪੰਜਾਬ ਵਿਚ ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਸਰਕਾਰ ਨੇ ਬਹਿਬਲ ਕਲਾਂ ਮਾਮਲੇ ਵਿਚ ਪੀੜਤ ਪਰਿਵਾਰਾਂ ਨੂੰ ਇਕ ਇਕ ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ ਅਤੇ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਤੋਂ ਬਾਅਦ ਪੰਜ ਪੁਲਿਸ ਅਧਿਕਾਰੀਆਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਦਾ ਦੋਸ਼ੀ ਮੰਨਦਿਆਂ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ, ਪਰਮਰਾਜ ਸਿੰਘ ਉਮਰਾਨੰਗਲ, ਐਸ ਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐਸ ਐਚ ਓ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਹੈ।
ਪੀੜਤ ਪਰਿਵਾਰ ਘਟਨਾ ਦੇ ਚਾਰ ਸਾਲ ਬਾਅਦ ਵੀ ਕਸੂਰਵਾਰਾਂ ਖਿਲਾਫ ਬਣਦੀ ਕਾਰਵਾਈ ਨਾ ਹੋਣ ਤੋਂ ਦੁਖੀ ਹਨ। ਸੁਖਪਾਲ ਖਹਿਰਾ ਇਹਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਅਤੇ ਹੋਰ ਸੰਗਤ ਦੇ ਨਾਲ ਮਿਲ ਕੇ ਬਰਗਾੜੀ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਇਸ ਦਿਨ ਨੂੰ ਕਾਲੇ ਦਿਹਾੜੀ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਾਲੇ ਝੰਡੇ ਲੈਕੇ ਅਤੇ ਕਾਲੀਆਂ ਪੱਗਾਂ ਤੇ ਕਾਲੇ ਰਿਬਨ ਬੰਨ ਕੇ ਰੋਸ ਧਰਨੇ ਵਿਚ ਸ਼ਾਮਲ ਹੋਣ।