ਅੰਮ੍ਰਿਤਸਰ ,14 ਨਵੰਬਰ 2019 : ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਨਿਜੀ ਪੱਤਰ ਲਿੱਖ ਕੇ ਮੰਗ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਧਿਆਨ ਵਿਚ ਰਖਦੇ ਹੋਇ ਸ੍ਰੀ ਦਰਬਾਰ ਸਾਹਿਬ ਦੇ ਪੀ. ਟੀ. ਸੀ., ਟੀ. ਵੀ.ਚੈਨਲ ਤੋਂ 24 ਘੰਟੇ ਸਿੱਧਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇ ਤੇ ਇਸ ਨੂੰ ਜਿੰਨੀ ਦੇਰ ਤੀਕ ਕੋਈ ਬਦਲਵਾਂ ਪ੍ਰਬੰਧ ਨਹੀਂ ਹੋ ਜਾਂਦਾ ਜਾਰੀ ਰਖਿਆ ਜਾਵੇ।
ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦਾ ਰੇਡੀਓ ਦੁਆਰਾ ਕੀਰਤਨ ਦਾ ਸਾਰੇ ਦਿਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ,ਜਿਸ ਦਾ ਦੁਨੀਆਂ ਭਰ ਦੇ ਸ਼ਰਧਾਲੂ ਆਨੰਦ ਮਾਣ ਰਹੇ ਹਨ। ਏਸੇ ਤਰ੍ਹਾਂ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਟੀ. ਵੀ. ਚੈਨਲ ਲਾਏ, ਜਿੱਥੋਂ 24 ਘੰਟੇ ਸਿੱਧਾ ਪ੍ਰਸਾਰਨ ਕੀਤਾ ਜਾਵੇ । ਇਸ ਚੈਨਲ ਤੋਂ ਸ਼ਰਤਾਂ ਅਧੀਨ ਦੂਜੇ ਚੈਨਲਾਂ ਵਾਲਿਆਂ ਨੂੰ ਪ੍ਰਸਾਰਨ ਕਰਨ ਦੀ ਮੁਫ਼ਤ ਵਿਚ ਆਗਿਆ ਦਿੱਤੀ ਜਾਵੇ ਤਾਂ ਜੋ ਦੁਨੀਆਂ ਭਰ ਵਿਚ ਵਸਦੇ ਨਾਮ ਲੇਵਾ ਇਲਾਹੀ ਬਾਣੀ ਦਾ ਆਨੰਦ ਮਾਣ ਸਕਣ।ਜਦ ਇਹ ਚੈਨਲ ਕਾਮਯਾਬ ਹੋ ਜਾਵੇ ਤਾਂ ਦੂਜਾ ਚੈਨਲ ਕੇਵਲ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕੀਤਾ ਜਾਵੇ।ਕਿਹਾ ਜਾਂਦਾ ਹੈ ਕਿ ਇਕ ਚੈਨਲ ਸ਼ੁਰੂ ਕਰਨ ਦਾ ਤਕਰੀਬਨ 40 ਲੱਖ ਰੁਪਏ ਖ਼ਰਚਾ ਆਉਂਦਾ ਹੈ।ਇਹ ਰਕਮ ਕਮੇਟੀ ਲਈ ਕੋਈ ਵੱਡੀ ਨਹੀਂ।
ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਬਹੁਤ ਸਾਰਿਆਂ ਗੁਰਦੁਆਰਿਆਂ ਜਿਵੇਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਲੁਧਿਆਣਾ , ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਆਦਿ ਤੇ ਦੁਨੀਆਂ ਭਰ ਦੇ ਅਨੇਕਾਂ ਗੁਰਦੁਆਰਿਆਂ ਦਾ ਸਿੱਧਾ ਪ੍ਰਸਾਰਨ ਵੱਖ ਵੱਖ ਚੈਨਲਾਂ ਰਾਹੀਂ ਹੋ ਰਿਹਾ ਹੈ ਜਦ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਰਨ ਕੁਝ ਘੰਟਿਆਂ ਲਈ ਰੀਲੇਅ ਕੀਤਾ ਜਾਂਦਾ ਹੈ ਤੇ ਉਹ ਵੀ ਕੇਵਲ ਪੀ. ਟੀ. ਸੀ., ਟੀ. ਵੀ.ਚੈਨਲ ਤੋਂ ।
ਡਾ. ਗੁਮਟਾਲਾ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਸਭ ਤੋਂ ਪਹਿਲਾ ਪੱਤਰ 8 ਨਵੰਬਰ 2016 ਨੂੰ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਲਿਖਿਆ ਸੀ। ਉਸ ਸਮੇਂ ਤੋਂ ਉਨ੍ਹਾਂ ਵੱਲੋਂ ਕਈ ਯਾਦ ਪੱਤਰ ਲਿੱਖੇ ਜਾ ਚੁੱਕੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਕਮੇਟੀ ਵੱਲੋਂ ਨਾ ਤਾਂ ਆਪਣਾ ਟੀ. ਵੀ. ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਨਾ ਹੀ ਇਸ ਨੂੰ ਲਗਾਉਣ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਜਾ ਰਿਹਾ ਹੈ।