ਮੁੰਬਈ, 14 ਅਕਤੂਬਰ, 2019 : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਪ੍ਰਤੀਸ਼ਠਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਇਹ ਪ੍ਰਗਟਾਵਾ ਕੁਝ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ।
ਅੱਜ ਯਾਨੀ ਸੋਮਵਾਰ ਨੂੰ ਬੀ ਸੀ ਸੀ ਆਈ ਦੇ ਅਹੁਦੇਦਾਰਾਂ ਦੀਆਂ ਚੋਣਾਂ ਵਾਸਤੇ ਨਾਮਜ਼ਦਗੀ ਦਾਖਲ ਕਰਨ ਦਾ ਅੰਤਿਮ ਦਿਨ ਹੈ ਪਰ ਚੋਣਾਂ ਹੋਣ ਦੀ ਸੰਭਾਵਨਾ ਘਟ ਹੈ ਕਿਉਂਕਿ ਕਈ ਹਫਤਿਆਂ ਪਰਦੇ ਪਿੱਛੇ ਚਲ ਰਹੀ ਗੱਲਬਾਤ ਤੇ ਲਾਬਿੰਗ ਦੀ ਨਤੀਜਾ ਹੈ ਕਿ ਸਾਰੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾਣੇ ਤੈਅ ਹਨ।
ਰਿਪੋਰਟਾਂ ਮੁਤਾਬਕ ਜੈ ਸ਼ਾਹ ਜੋ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਪੁੱਤਰ ਹਨ, ਬੋਰਡ ਦੇ ਨਵੇਂ ਸਕੱਤਰ ਹੋਣਗੇ ਜਦਕਿ ਕੇਂਦਰੀ ਮੰਤਰੀ ਤੇ ਸਾਬਕਾ ਬੀ ਸੀ ਸੀ ਆਈ ਪ੍ਰਧਾਨ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ ਨਵੇਂ ਖਜ਼ਾਨਚੀ ਹੋਣਗੇ।
ਸਾਬਕਾ ਭਾਰਤੀ ਕਪਤਾਨ ਗਾਂਗੁਲੀ ਇਸ ਵੇਲ ਕ੍ਰਿਕਟ ਐਸੋਸੀਏਸ਼ਨ ਆਫ ਬੰਗਲਾ (ਸੀ. ਏ. ਬੀ.) ਦੇ ਪ੍ਰਧਾਨ ਹਨ। ਉਹਨਾਂ ਨੂੰ ਸਤੰਬਰ 2020 ਵਿਚ ਆਪਣਾ ਅਹੁਦਾ ਛੱਡਣਾ ਪਵੇਗਾ ਕਿਉਂਕਿ ਉਹਨਾਂ ਦਾ 'ਕੂਲਿੰਗ ਆਫ' ਲਈ ਜਾਣਾ ਲਾਜ਼ਮੀ ਹੈ।
47 ਸਾਲਾ ਗਾਂਗੁਲੀ ਸਰਵੋਤਮ ਭਾਰਤੀ ਕਪਤਾਨਾਂ ਵਿਚੋਂ ਇਕ ਮੰਨੇ ਜਾਂਦੇ ਹਨ। ਅਜਿਹਾ ਪਤਾ ਲੱਗਾ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਗਾਂਗੁਲੀ ਅਤੇ ਬ੍ਰਿਜੇਸ਼ ਪਟੇਲ ਦਰਮਿਆਨ ਸੀ ਅਤੇ ਗਾਂਗੁਲੀ ਹੁਣ ਪ੍ਰਧਾਨ ਬਣਨ ਲਈ ਰਾਜ਼ੀ ਹੋ ਗਏ ਹਨ। ਪਟੇਲ ਦਾ ਆਈ ਪੀ ਐਲ ਚੇਅਰਮੈਨ ਬਣਨਾ ਤੈਅ ਮੰਨਿਆ ਜਾ ਰਿਹਾ ਹੈ।
ਜਦੋਂ ਨਵੇਂ ਅਹੁਦੇਦਾਰ, ਅਹੁਦੇ ਸੰਭਾਲਣਗੇ ਤਾਂ ਇਸ ਨਾਲ ਪ੍ਰਸ਼ਾਸਕਾਂ ਦੀ ਕਮੇਟੀ ਦਾ 33 ਮਹੀਨਿਆਂ ਦਾ ਕਾਰਜਕਾਲ ਸਮਾਪਤ ਹੋ ਜਾਵੇਗਾ। ਇਹ ਕਮੇਟੀ ਲੋਧਾ ਸੁਧਾਰ ਕਮੇਟੀ ਦੀਆਂ ਸਿਫਾਰਸ਼ਾਂ ਮਗਰੋਂ ਦੇਸ਼ ਵਿਚ ਕ੍ਰਿਕਟ ਦਾ ਸੰਚਾਲਨ ਕਰਨ ਦੀ ਭੂਮਿਕਾ ਨਿਭਾ ਰਹੀ ਸੀ।