ਸਿੱਖਿਆ ਸੁਧਾਰ ਲਈ ਮੀਟਿੰਗ ਵਿੱਚ ਭਾਗ ਲੈਂਦੇ ਆਹਲਾ ਸਿੱਖਿਆ ਅਧਿਕਾਰੀ ਅਤੇ ਸਿੱਖਿਆ ਸੁਧਾਰ ਟੀਮਾਂ ਦੇ ਮੈਂਬਰ
ਗੁਣਾਤਮਕ ਸਿੱਖਿਆ ਸੁਧਾਰ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਤ ਪ੍ਰੋਗਰਾਮ ਸੁਹਿਰਦਤਾ ਨਾਲ ਲਾਗੂ ਕਰਨ ਲਈ
ਅਧਿਕਾਰੀਆਂ ਨੂੰ ਸਿੱਖਿਆ ਸਕੱਤਰ ਨੇ ਦਿੱਤੀ ਅਗਵਾਈ
ਸਮੂਹ ਜਿਲ੍ਹਿਆਂ ਦੀ ਸਿੱਖਿਆ ਸੁਧਾਰ ਟੀਮਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ
ਐੱਸ ਏ ਐੱਸ ਨਗਰ 14 ਅਕਤੂਬਰ, 2019: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਉਚੇਰਾ ਕਰਨ ਅਤੇ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਸਿੱਖਿਆ ਨੂੰ ਉਤਸ਼ਾਹਿਤ ਕਰਨ ਹਿੱਤ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਪੰਜਾਬ ਦੇ ਸਕੂਲਾਂ ਵਿੱਚ ਅਗਵਾਈ ਕਰਨ ਵਾਲੀ ਸਕੂਲੀ ਸਿੱਖਿਆ ਸੁਧਾਰ ਟੀਮਾਂ ਨਾਲ ਵਿਸ਼ੇਸ਼ ਮੀਟਿੰਗ ਮੁੱਖ ਦਫ਼ਤਰ ਦੇ ਆਡੀਟੋਰੀਅਮ ਵਿਖੇ ਕੀਤੀ| ਇਸ ਮੀਟਿੰਗ ਵਿੱਚ ਮੁੱਖ ਦਫ਼ਤਰ ਦੇ ਆਹਲਾ ਅਧਿਕਾਰੀਆਂ ਤੋਂ ਇਲਾਵਾ ਵੱਖ ਵੱਖ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੇ ਵੀ ਭਾਗ ਲਿਆ|
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਸੁਧਾਰ ਟੀਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਅਧਿਆਪਕਾਂ ਦੇ ਸੁਝਾਵਾਂ ਦੇ ਸਨਮੁੱਖ 'ਮਿਸ਼ਨ ਸ਼ਤ-ਪ੍ਰਤੀਸ਼ਤ' ਆਰੰਭਿਆ ਗਿਆ ਹੈ| ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਜਿਹਨਾਂ ਦੇ ਬੋਰਡ ਵੱਲੋਂ ਇਮਤਿਹਾਨ ਲਏ ਜਾਣੇ ਹਨ| ਸਕੂਲਾਂ ਵਿੱਚ ਸਕੂਲ ਮੁੱਖੀ ਆਪਣੇ ਮਿਹਨਤੀ ਅਧਿਆਪਕਾਂ ਦੇ ਬਲਬੂਤੇ ਇਸ ਮਹੀਨੇ ਤੋਂ ਹੀ ਵਾਧੂ ਕਲਾਸਾਂ ਲਗਾ ਕੇ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਪੱਬਾਂ ਭਾਰ ਹੋ ਚੁੱਕੇ ਹਨ| ਉਹਨਾਂ ਸਿੱਖਿਆ ਸੁਧਾਰ ਟੀਮਾਂ ਨੂੰ ਸਕੂਲਾਂ ਵਿੱਚ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਅਤੇ ਸਹਿਯੋਗੀ ਵੱਜੋਂ ਵਿਚਰਨ ਲਈ ਪ੍ਰਿਤ ਕੀਤਾ| ਈ-ਕੰਟੈਂਟ ਦੀ ਵੱਖ ਵੱਖ ਵਿਸ਼ਿਆਂ ਦਾ ਜਮਾਤ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਇਸਦੀ ਵਰਤੋਂ ਯਕੀਨੀ ਬਣਾਉਣ ਲਈ ਸਿੱਖਿਆ ਸੁਧਾਰ ਟੀਮ ਆਪਣੀ ਮਹੱਤਵ ਪੂਰਨ ਭੂਮਿਕਾ ਨਿਭਾਏ| ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸਕੂਲਾਂ ਵਿੱਚ ਮਲਟੀਮੀਡੀਆ ਸਾਧਨਾਂ ਦੀ ਉਚਿਤ ਵਰਤੋਂ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ| ਈ-ਕੰਟੈਂਟ ਨਾਲ ਵਿਦਿਆਰਥੀਆਂ ਨੂੰ ਉਪ-ਵਿਸ਼ੇ ਬਾਰੇ ਗਹਿਰਾਈ ਨਾਲ ਜਾਣਕਾਰੀ ਮਿਲਦੀ ਹੈ ਜੋ ਕਿ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਮੁਲੰਕਣਾਂ ਵਿੱਚ ਸਹਾਈ ਹੋਵੇਗਾ|
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਗੁਣਾਤਮਕ ਰੂਪ ਵਿੱਚ ਮਿਆਰੀ ਬਣਾਈ ਰੱਖਣ ਲਈ ਪ੍ਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਉਡਾਣ ਪ੍ਰੋਗਰਾਮ, ਰੀਡਿੰਗ ਕਾਰਨਰ, ਸਵੇਰ ਦੀ ਸਭਾ, ਵਿਦਿਆਰਥੀਆਂ ਦੇ ਗੁਣਾਤਮਕ ਤੇ ਸਹਿ-ਅਕਾਦਮਿਕ ਮੁਕਾਬਲਿਆਂ ਸਬੰਧੀ ਤਿਆਰੀ, ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀਆਂ ਕਿਰਿਆਵਾਂ ਅਤੇ ਉਹਨਾਂ ਦੇ ਸਿੱਖਣ ਪੱਧਰਾਂ ਸਬੰਧੀ, ਸਮੇਂ-ਸਮੇਂ 'ਤੇ ਹੋਣ ਵਾਲੇ ਸਿੱਖਣ ਪੱਧਰਾਂ ਦੇ ਮੁਲੰਕਣਾਂ ਆਦਿ 'ਤੇ ਧਿਆਨ ਦੇਣਾ ਬਣਦਾ ਹੈ| ਉਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵੱਖ ਵੱਖ ਭਾਸ਼ਾਵਾਂ ਨੂੰ ਬੋਲਣ ਵਿੱਚ ਵਿਦਿਆਰਥੀਆਂ ਦੀ ਮੁਹਾਰਤ ਹਾਸਲ ਕਰਵਾਉਣ 'ਤੇ ਜੋਰ ਦਿੱਤਾ|
ਸਕੂਲੀ ਸਿੱਖਿਆ ਸੁਧਾਰਾਂ ਸਬੰਧੀ ਵੱਖ ਵੱਖ ਟੀਮਾਂ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਜਿਲ੍ਹੇ ਦੇ ਸਮਾਰਟ ਸਕੂਲਾਂ ਵਿੱਚ ਕਲਾਸਰੂਮ ਦੀ ਪੜ੍ਹਾਈ ਬਾਰੇ ਸਾਕਾਰਾਤਮਕ ਰਿਪੋਰਟਾਂ ਪੇਸ਼ ਕੀਤੀਆਂ| ਸਕੂਲਾਂ ਵਿੱਚ ਈ-ਕੰਟੈਂਟ ਨਾਲ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਬਾਰੇ ਗਿਆਨ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਮੀਟਿੰਗ ਵਿੱਚ ਚਰਚਾ ਕੀਤੀ ਗਈ| ਸਵੇਰ ਦੀ ਸਭਾ ਵਿੱਚ ਵਿਭਾਗ ਵੱਲੋਂ ਭੇਜੇ ਜਾ ਰਹੇ ਪੰਜਾਬੀ ਅਤੇ ਅੰਗਰੇਜ਼ੀ ਦੇ ਅੱਜ ਦੇ ਸ਼ਬਦ ਬਾਰੇ ਵੱਖ ਵੱਖ ਟੀਮਾਂ ਨੇ ਰਿਪੋਰਟ ਪੇਸ਼ ਕੀਤੀ ਅਤੇ ਇਸਦੇ ਵਿਦਿਆਰਥੀਆਂ 'ਤੇ ਪੈ ਰਹੇ ਚੰਗੇ ਪ੍ਰਭਾਵਾਂ ਬਾਰੇ ਰਿਪੋਰਟ ਸਾਂਝੀ ਕੀਤੀ ਗਈ|
ਇਸ ਮੌਕੇ 'ਤੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਸਕੂਲ ਇੰਸਪੈਕਸ਼ਨ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਬਲਵਿੰਦਰ ਸਿੰਘ ਏਐੱਸਪੀਡੀ ਸਕੂਲੀ ਸਿੱਖਿਆ ਸੁਧਾਰ, ਸਮੂਹ ਜਿਲ੍ਹਿਆਂ ਦੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ, ਸਿੱਖਿਆ ਸੁਧਾਰ ਟੀਮਾਂ ਦੇ ਇੰਚਾਰਜ ਅਤੇ ਮੈਂਬਰ ਵੀ ਹਾਜ਼ਰ ਰਹੇ|