ਪਟਾਕੇ ਦਿਵਾਲੀ/ਗੁਰਪੁਰਬ ਵਾਲੇ ਦਿਨ ਕੇਵਲ ਰਾਤ ਨੂੰ 8 ਤੋਂ 10 ਵਜੇ ਦਰਮਿਆਨ ਹੀ ਵਜਾਏ ਜਾ ਸਕਣਗੇ
ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ-ਡਿਪਟੀ ਕਮਿਸ਼ਨਰ
ਪਟਿਆਲਾ, 14 ਅਕਤੂਬਰ 2019: ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਤੇ 23862 ਆਫ਼ 2017 'ਕੋਰਟ ਆਨ ਇਟਸ ਓਅਨ ਮੋਸ਼ਨ ਬਨਾਮ ਚੰਡੀਗੜ੍ਹ ਪ੍ਰਸ਼ਾਸਨ ਅਤੇ ਅਦਰਜ਼' 'ਚ ਮਿਤੀ 13 ਅਕਤੂਬਰ 2017 ਅਤੇ 17 ਅਕਤੂਬਰ 2018 ਨੂੰ ਪਾਸ ਕੀਤੇ ਅੰਤ੍ਰਿਮ ਹੁਕਮਾਂ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਪਟਾਕਿਆਂ ਦੀ ਵਿਕਰੀ ਲਈ ਕੇਵਲ ਇੱਕ ਆਰਜ਼ੀ ਲਾਇਸੈਂਸ ਹੀ ਜਾਰੀ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 728 ਆਫ਼ 2015 ''ਅਰਜੁਨ ਗੋਪਾਲ ਤੇ ਹੋਰ ਬਨਾਮ ਯੂਨੀਅਨ ਗਵਰਨਮੈਂਟ ਐਂਡ ਅਦਰਜ'' 'ਚ ਮਿਤੀ 23/10/2018 ਨੂੰ ਸੁਣਾਏ ਹੁਕਮਾਂ ਮੁਤਾਬਕ ਪਟਾਕੇ ਕੇਵਲ ਦਿਵਾਲੀ ਜਾਂ ਹੋਰ ਤਿਉਹਾਰਾਂ ਅਤੇ ਗੁਰਪੁਰਬ ਵਾਲੇ ਦਿਨ ਰਾਤ 8 ਤੋਂ 10 ਵਜੇ ਦੇ ਦਰਮਿਆਨ ਹੀ ਵਜਾਏ ਜਾ ਸਕਣਗੇ। ਇਸ ਲਈ ਸਮੂਹ ਨਾਗਰਿਕ ਅਤੇ ਸਬੰਧਤ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਪਰੋਕਤ ਅਦਾਲਤੀ ਹੁਕਮਾਂ ਦੀ ਪਾਲਣਾਂ ਕਰਨ ਹਿਤ ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਵੱਲੋਂ ਐਕਸਪਲੋਸਿਵ ਰੂਲਜ 2008 ਤਹਿਤ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ, ਕਮਿਸ਼ਨਰ ਨਗਰ ਨਿਗਮ, ਸਬ ਡਵੀਜਨਲ ਮੈਜਿਸਟ੍ਰੇਟਸ ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ, ਦੁਧਨਸਾਧਾਂ ਨੂੰ ਲੋੜੀਂਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਮਾਣਯੋਗ ਹਾਈ ਕੋਰਟ ਦੇ ਮਿਤੀ 13/10/2017 ਨੂੰ ਪਾਸ ਕੀਤੇ ਆਦੇਸ਼ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਸਾਲ 2016 ਦੌਰਾਨ ਪਟਾਕਿਆਂ ਦੀ ਵਿਕਰੀ ਲਈ ਕੇਵਲ ਇੱਕ ਲਾਇਸੈਂਸ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲ 2018 'ਚ ਪਿਛਲੇ ਸਾਲਾਂ ਦੌਰਾਨ ਜਾਰੀ ਕੀਤੇ ਲਾਇਸੈਂਸਾਂ ਦੀ ਤੁਲਨਾ 'ਚ ਕੇਵਲ 20 ਫੀਸਦੀ ਲਾਇਸੈਂਸ ਹੀ ਜਾਰੀ ਕੀਤੇ ਜਾਣ ਦੇ ਅਦਾਲਤੀ ਹੁਕਮਾਂ ਮੁਤਾਬਕ ਜ਼ਿਲ੍ਹੇ 'ਚ ਪਹਿਲਾਂ ਜਾਰੀ ਹੋਏ 1 ਲਾਇਸੈਂਸ ਦਾ ਕੇਵਲ 0.2 ਫੀਸਦੀ ਬਣਦਾ ਹੋਣ ਕਾਰਨ ਐਕਸਪਲੋਸਿਵ ਐਕਟ 1884 ਅਤੇ ਰੂਲ 2008 ਤਹਿਤ ਪਟਾਕਿਆਂ ਦੀ ਵਿਕਰੀ ਲਈ ਇਸ ਵਾਰ ਵੀ ਕੇਵਲ 1 ਆਰਜ਼ੀ ਲਾਇਸੈਂਸ ਹੀ ਜਾਰੀ ਕੀਤਾ ਜਾਵੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਲੈਣ ਲਈ ਮਿਤੀ 18 ਅਕਤੂਬਰ 2019 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਏ-ਬਲਾਕ, ਕਮਰਾ ਨੰਬਰ 128 ਵਿਖੇ ਦੁਪਹਿਰ 12 ਵਜੇ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ, ਇਸੇ ਦਿਨ ਸ਼ਾਮ 5 ਵਜੇ ਕਮਰਾ ਨੰਬਰ 109 ਵਿਖੇ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸੇ ਵੀ ਸਬ ਡਵੀਜਨ ਅੰਦਰ ਕੋਈ ਹੋਰ ਦੂਜਾ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਉਚ ਅਦਾਲਤ ਦੇ ਹੁਕਮਾਂ ਮੁਤਾਬਕ ਆਮ ਲੋਕ ਪਟਾਕੇ ਕੇਵਲ ਨਿਰਧਾਰਤ ਸਮੇਂ ਰਾਤ 8 ਵਜੇ ਤੋਂ ਰਾਤ 10 ਵਜੇ ਦਰਮਿਆਨ ਦੇ ਅੰਦਰ-ਅੰਦਰ ਹੀ ਵਜਾਉਣ ਅਤੇ ਦਿਵਾਲੀ/ਤਿਉਹਾਰ/ਗੁਰਪੁਰਬ ਤੋਂ ਪਹਿਲਾਂ ਜਾਂ ਬਾਅਦ ਪਟਾਕੇ ਨਾ ਵਜਾਏ ਜਾਣ। ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।