ਮਾਣ ਹਾਸਿਲ ਹੋਣਾ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਉੱਪਰ ਮੋਹਰ ਲੱਗਣ ਵਾਂਗ:ਬੀ ਐਸ ਘੁਮੰਣ
ਪਟਿਆਲਾ 14 ਅਕਤੂਬਰ 2019 : (ਜੀ ਐਸ ਪੰਨੂ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਾਣ ਵਿਚ ਹੋਰ ਵਾਧਾ ਹੋਇਆ ਹੈ ਕਿ ਭਾਰਤੀ ਡਾਕ ਵਿਭਾਗ ਵੱਲੋਂ ਰਾਸ਼ਟਰ ਪਿਤਾ ਸ਼੍ਰੀ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਦਿਨ ਨੂੰ ਸਮਰਪਿਤ ਗਤੀਵਿਧੀਆਂ ਦੌਰਾਨ ਯੂਨੀਵਰਸਿਟੀ ਬਾਰੇ ਇਕ ਵਿਸ਼ੇਸ ਕਵਰ ਜਾਰੀ ਕੀਤਾ ਗਿਆ ਹੈ। ਇਸ ਵਿਸ਼ੇਸ ਕਵਰ ਨੂੰ ਡਾਕ ਵਿਭਾਗ ਵੱਲੋਂ ਪਿਛਲੇ ਦਿਨੀਂ ਹਰਪਾਲ ਟਿਵਾਣਾ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿਖੇ ਕਰਵਾਏ ਗਏ ਪਟਿਆਲਾ ਪੈਕਸ ਨਾਮੀ ਪ੍ਰੋਗਰਾਮ ਵਿਚ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਅਜਿਹਾ ਕੋਈ ਵੀ ਮਾਣ ਹਾਸਿਲ ਹੋਣਾ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਉੱਪਰ ਮੋਹਰ ਲੱਗਣ ਵਾਂਗ ਹੈ, ਜੋ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਖੁਸ਼ਬੋਅ ਨੂੰ ਭਾਰਤ ਭਰ ਦੀਆਂ ਸੰਸਥਾਵਾਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਵਰ ਦਾ ਆਪਣਾ ਇਕ ਦਸਤਾਵੇਜੀ ਮਹੱਤਵ ਹੁੰਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਡਾਕ ਵਿਭਾਗ ਦੇ ਸੰਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਇਸ ਸੰਬੰਧੀ ਆਪਣੀ ਸਰਗਰਮ ਭੂਮਿਕਾ ਨਿਭਾਈ।
ਡਾਕ ਵਿਭਾਗ ਦੀ ਪ੍ਰਤੀਨਿਧ ਮਿਸ. ਆਰਤੀ ਵਰਮਾ, ਸੀਨੀਅਰ ਸੁਪਰਡੰਟ, ਪਟਿਆਲਾ ਡਾਕ ਮੰਡਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਅਜਿਹਾ ਕਵਰ ਸੰਬੰਧਤ ਅਦਾਰੇ ਦੇ ਰੁਤਬੇ ਅਤੇ ਵੱਕਾਰ ਨੂੰ ਧਿਆਨ ਵਿਚ ਰਖਦਿਆਂ ਉਸ ਨੂੰ ਇਕ ਤਰ੍ਹਾਂ ਦਾ ਮਾਣ ਦੇਣ ਲਈ ਜਾਰੀ ਕੀਤਾ ਜਾਂਦਾ ਹੈ। ਇਸ ਲਈ ਬਕਾਇਦਾ ਰੂਪ ਵਿਚ ਪੰਜਾਬ ਸਰਕਲ ਪੱਧਰ ਤੋਂ ਵਿਸ਼ੇਸ ਹੁਕਮ ਜ਼ਾਰੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਕਵਰ ਵਿੱਕਰੀ ਦੇ ਮਕਸਦ ਲਈ ਰੱਖੇ ਜਾਂਦੇ ਹਨ। 'ਫਿਲੈਟਲੀ' ਦੀ ਰੁਚੀ ਰੱਖਣ ਵਾਲੇ ਲੋਕ ਜੋ ਡਾਕ ਟਿਕਟਾਂ ਇਕੱਠੀਆਂ ਕਰਨ ਦੇ ਸ਼ੌਕੀਨ ਹੁੰਦੇ ਹਨ, ਉਹ ਦੇਸ਼ ਭਰ ਵਿਚ ਅਜਿਹੇ ਕਵਰ ਨੂੰ ਖਰੀਦਦੇ ਹਨ ਅਤੇ ਸਾਂਭ ਕੇ ਰਖਦੇ ਹਨ। ਅਜਿਹਾ ਹੋਣ ਨਾਲ ਸੰਬੰਧਤ ਅਦਾਰੇ ਦਾ ਨਾਮ ਦੂਰ ਦੂਰ ਤਕ ਪਹੁੰਚਦਾ ਹੈ। ਉਸ ਦੀਆਂ ਗਤੀਵਿਧੀਆਂ ਅਤੇ ਵੱਕਾਰ ਦੀ ਸੂਚਨਾ ਦੇਸ਼ ਦੇ ਵਖ-ਵਖ ਕੋਨਿਆਂ ਤਕ ਪਹੁੰਚਦੀ ਹੈ। ਵਰਣਨਯੋਗ ਹੈ ਕਿ ਮਹਾਤਮਾ ਗਾਂਧੀ ਜੀ ਦੇ 150 ਸਾਲਾ ਜਨਮ ਦਿਨ ਸੰਬੰਧੀ ਇਨ੍ਹਾਂ ਤਾਜ਼ਾ ਗਤੀਵਿਧੀਆਂ ਦੀ ਲੜੀ ਵਿਚ ਪੰਜਾਬ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਪੰਜਾਬੀ ਯੂਨੀਵਰਸਿਟੀ ਹੀ ਇਕਲੌਤੀ ਯੂਨੀਵਰਸਿਟੀ ਹੈ ਜਿਸ ਨੂੰ ਭਾਰਤ ਸਰਕਾਰ ਦੇ ਇਸ ਅਦਾਰੇ ਤੋਂ ਇਹ ਕਵਰ ਜਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।