ਬਠਿੰਡਾ, 15 ਅਕਤੂਬਰ, 2019 : ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਬੂਟ ਪਾਲਿਸ਼ ਕਰਨ ਵਾਲੇ ਸਨੀ ਨਾਮ ਦੇ ਗੱਭਰੂ ਦੀ ਸੋਨੀ ਟੀ ਵੀ ਦੇ ਪ੍ਰਸਿੱਧ ਸ਼ੋਅ ਇੰਡੀਅਨ ਆਈਡਲ-11 ਵਿਚ ਧਮਾਕੇਦਾਰ ਐਂਟਰੀ ਹੋਈ ਹੈ। ਉਸਦੀ ਸ਼ੋਅ ਵਿਚ ਗਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਲੜਕੇ ਬਿਨਾਂ ਕਿਸੇ ਗੁਰੂ ਦੇ ਮੋਬਾਈਲ 'ਤੇ ਵੀਡੀਓ ਵੇਖ ਵੇਖ ਕੇ ਇਹ ਹੁਨਰ ਸਿੱਖਿਆ ਹੈ।
ਇਥੇ ਦੀ ਅਮਰਪੁਰਾ ਬਸਤੀ ਦੀ ਗਲੀ ਨੰਬਰ ਇਕ ਦੇ ਵਸਨੀਕ ਸਨੀ ਨੇ ਸਿਰਫ ਛੇਵੀਂ ਤੱਕ ਪੜਾਈ ਕੀਤੀ ਹੈ ਅਤੇ ਉਹ ਬੂਟ ਪਾਲਿਸ਼ ਕਰ ਕੇ ਆਪਣਾ ਘਰ ਚਲਾਉਂਦਾ ਹੈ। ਸ਼ੋਅ ਦੀ ਚੋਣ ਪ੍ਰਕਿਰਿਆ ਦੌਰਾਨ ਉਸ ਵੱਲੋਂ ਜੋ ਗੀਤ ਪੇਸ਼ ਕੀਤਾ ਗਿਆ, ਉਸਨੇ ਜੱਜਾਂ ਨੂੰ ਕਾਇਲ ਕਰ ਦਿੱਤਾ। ਇਸ ਸ਼ੋਅ ਵਿਚ ਹੁਣ ਤੱਕ ਚੁਣੇ ਗਏ ਪ੍ਰਤੀਯੋਗੀਆਂ ਵਿਚੋਂ ਸਿਰਫ ਸਨੀ ਨੂੰ ਹੀ ਗੋਲਡਨ ਮਾਈਕ ਹਾਸਲ ਹੋਇਆ ਹੈ। ਇਸ ਸਦਕਾ ਉਸਨੂੰ ਸਿੱਧਾ ਥੀਏਟਰ ਰਾਉਂਡ ਲਈ ਚੁਣਿਆ ਗਿਆ ਹੈ।
ਸਨੀ ਨੇ ਪਹਿਲਾਂ ਚੋਣ ਪ੍ਰਕਿਰਿਆ ਵਾਸਤੇ ਆਪਣੀਆਂ ਦੋ ਵੀਡੀਓ ਬਣਾ ਕੇ ਆਨਲਾਈਨ ਭੇਜੀਆਂ ਸਨ। ਇਸ ਉਪਰੰਤ ਉਸਨੂੰ ਦੂਜੇ ਰਾਉਂਡ ਲਈ ਚੰਡੀਗੜ ਸੱਦਿਆ ਗਿਆ। ਇਥੇ ਸਫਲ ਰਹਿਣ ਮਗਰੋਂ ਉਸਨੂੰ ਨਵੀਂ ਦਿੱਲੀ ਤੀਜੇ ਰਾਉਂਡ ਲਈ ਸੱਦਿਆ ਗਿਆ। ਇਸ ਉਪਰੰਤ ਉਹ ਮੁੰਬਈ ਪਹੁੰਚ ਗਿਆ। ਇਥੇ ਸਟੂਡੀਓ ਰਾਉਂਡ ਦੌਰਾਨ ਜੱਜ ਸੰਗੀਤਕਾਰ ਅਨੂ ਮਲਿਕ ਨੇ ਉਸਦੀ ਤਾਰੀਫ ਕਰਦਿਆਂ ਉਸਨੂੰ ਨੁਸਰਤ ਫਤਿਹ ਅਲੀ ਖਾਂ ਦਾ ਦੂਜਾ ਰੂਪ ਕਰਾਰ ਦਿੱਤਾ। ਜੱਜਾਂ ਨੇ ਉਸਨੂੰ ਗੋਲਡਨ ਮਾਈਕ ਦੇ ਕੇ ਥੀਏਟਰ ਰਾਉਂਡ ਲਈ ਚੁਣਿਆ।
ਸਨੀ ਬਚਪਨ ਤੋਂ ਹੀ ਬੂਟ ਪਾਲਿਸ਼ ਕਰਦਾ ਰਿਹਾ ਹੈ। ਗਰਮੀਆਂ ਵਿਚ ਉਹ ਕਸ਼ਮੀਰ ਜਾ ਕੇ ਫੌਜੀਆਂ ਦੇ ਬੂਟ ਪਾਲਿਸ਼ ਕਰਦਾ ਹੈ। ਉਸਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਉਹ ਵੀ ਪਹਿਲਾਂ ਕਸ਼ਮੀਰ ਵਿਚ ਬੂਟ ਪਾਲਿਸ਼ ਕਰਨ ਜਾਂਦੇ ਸਨ।
ਹਰਸਿਮਰਤ ਨੇ ਦਿੱਤੀਆਂ ਸ਼ੁਭ ਕਾਮਨਾਵਾਂ
ਕੇਂਦਰੀ ਮੰਤਰੀ ਅਤੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸਨੀ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਹਨ। ਆਪਣੀ ਫੇਸਬੁੱਕ 'ਤੇ ਇਕ ਪੋਸਟ ਵਿਚ ਉਹਨਾਂ ਲਿਖਿਆ ਹੈ, '' ਬਠਿੰਡਾ ਦੇ ਸਨੀ ਦੀ ਇੰਡੀਅਨ ਆਈਡਲ 'ਚ ਸ਼ਾਨਦਾਰ ਪੇਸ਼ਕਾਰੀ ਦੇਖ ਮੈਂ ਦੰਗ ਰਹਿ ਗਈ। ਕੱਚੀ ਉਮਰ ਅਤੇ ਸੀਮਤ ਸਾਧਨਾਂ ਦੇ ਬਾਵਜੂਦ, ਉਸ ਨੇ ਆਪਣੀ ਹੁਨਰ ਨੂੰ ਤਿੱਖੀ ਤਲਵਾਰ ਵਾਂਗ ਲਿਸ਼ਕਾ ਰੱਖਿਆ ਹੈ। ਸਨੀ ਸਾਡੇ ਨੌਜਵਾਨਾਂ ਲਈ ਇਕ ਮਿਸਾਲ ਹੈ, ਜਿਨਾਂ ਨੂੰ ਆਪਣੇ ਹੁਨਰ ਨੂੰ ਪਛਾਣਨ ਅਤੇ ਸਹੀ ਢੰਗ ਨਾਲ ਤਰਾਸ਼ ਕੇ ਦਿਸ਼ਾ ਵਿਖਾਉਣਾ ਦੀ ਜ਼ਰੂਰਤ ਹੈ। ਇਸ ਨੌਜਵਾਨ ਗਾਇਕ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਉਹ ਸੰਗੀਤ ਨਾਲ ਸ਼ਿੰਗਾਰੇ ਭਵਿੱਖ ਵਿਚ ਜਲਦ ਕਦਮ ਵਧਾਏਗਾ।