ਪੁੱਤਰਾਂ ਤੇ ਪਤਨੀ ਖਿਲਾਫ਼ ਮਾਮਲਾ ਦਰਜ
ਮਿੱਤਰ ਸੈਨ ਸ਼ਰਮਾ
ਮਾਨਸਾ 15 ਅਕਤੂਬਰ 2019: ਜ਼ਮੀਨੀ ਝਗੜੇ ਦੌਰਾਨ ਪਿੰਡ ਬੁਰਜ ਹਰੀ ਵਿਖੇ ਦੋ ਪੁੱਤਰਾਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ । ਪੁਲਿਸ ਨੇ ਮ੍ਰਿਤਕ ਦੇ ਦੋ ਪੁੱਤਰਾਂ ਸਮੇਤ ਮ੍ਰਿਤਕ ਦੀ ਪਤਨੀ ਉੱਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਪਿੰਡ ਬੁਰਜ ਹਰੀ ਵਾਸੀ ਅਮਰ ਸਿੰਘ (55) ਕੋਲ ਚਾਰ ਕਿੱਲੇ ਜ਼ਮੀਨ ਸੀ, ਇਹ ਜ਼ਮੀਨ ਉਸ ਦੀ ਕੁੜੀ ਦੇ ਨਾਮ ਸੀ, ਉਹ ਪਿੰਡ ਭਾਈ ਬਖਤੌਰ ਵਾਸੀ ਜਗਤਾਰ ਸਿੰਘ ਨਾਲ ਵਿਆਹੀ ਹੋਈ ਸੀ ਪਰ ਬਾਅਦ ਵਿੱਚ ਉਹ ਪਿੰਡ ਗੁਰਨੇ ਕਲਾਂ ਆ ਕੇ ਰਹਿਣ ਲੱਗੀ । ਅਮਰ ਸਿੰਘ ਆਪਣੀ ਜ਼ਮੀਨ ਦਾ ਠੇਕਾ ਆਪਣੀ ਕੁੜੀ ਨੂੰ ਦਿੰਦਾ ਸੀ, ਜਿਸ ਉੱਤੇ ਉਸ ਦੇ ਪੁੱਤਰ ਸੁਖਦੀਪ ਸਿੰਘ ਅਤੇ ਮਨਦੀਪ ਸਿੰਘ ਇਤਰਾਜ ਜਤਾਉਂਦੇ ਸਨ । ਇਸ ਦੇ ਚੱਲਦੇ ਅਮਰ ਸਿੰਘ ਆਪਣੀ ਕੁੜੀ ਕੋਲ ਪਿੰਡ ਗੁਰਨੇ ਕਲਾਂ ਰਹਿਣ ਲੱਗਾ।ਇੱਕ ਦਿਨ ਜਗਤਾਰ ਸਿੰਘ ਅਤੇ ਅਮਰ ਸਿੰਘ ਦੇ ਪੁੱਤਰਾਂ ਦੀ ਫੋਨ ਉੱਤੇ ਬੋਲ-ਚਾਲ ਹੋ ਗਈ, ਜਿਸ ਉੱਤੇ ਉਹ ਬੋਲਣ ਲੱਗੇ ਕਿ ਉਨ੍ਹਾਂ ਦੇ ਪਿਤਾ ਨੂੰ ਜਗਤਾਰ ਸਿੰਘ ਆਪਣੇ ਕੋਲ ਧੱਕੇ ਨਾਲ ਰੱਖ ਰਿਹਾ ਹੈ । ਜਗਤਾਰ ਸਿੰਘ ਅਤੇ ਉਸ ਦੀ ਪਤਨੀ ਨੇ ਬਜ਼ੁਰਗ ਅਮਰ ਸਿੰਘ ਨੂੰ ਘਰ ਵਾਪਸ ਭੇਜ ਦਿੱਤਾ ਅਤੇ ਫਿਰ ਰਾਤ ਸਮੇਂ ਹੋਈ ਆਪਸੀ ਲੜਾਈ ਦੌਰਾਨ ਅਮਰ ਸਿੰਘ ਦੀ ਮੌਤ ਹੋ ਗਈ। ਇਸ ਉਪਰੰਤ ਪਰਿਵਾਰ ਵੱਲੋਂ ਉਸ ਦੇ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾਣ ਲੱਗੀਆਂ । ਥਾਣਾ ਸਦਰ ਮਾਨਸਾ ਦੇ ਮੁੱਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਮ੍ਰਿਤਕ ਦੇ ਜਵਾਈ ਜਗਤਾਰ ਸਿੰਘ ਨੇ ਉੱਥੇ ਆ ਕੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਸਹੁਰੇ ਦਾ ਉਸ ਦੇ ਪੁੱਤਾਂ ਨੇ ਕਤਲ ਕੀਤਾ ਹੈ, ਜਿਸ ਦਾ ਮੰਤਵ ਜ਼ਮੀਨ ਹਥਿਆਉਣਾ ਸੀ । ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨ ਉੱਤੇ ਮ੍ਰਿਤਕ ਅਮਰ ਸਿੰਘ ਦੇ ਪੁੱਤਰਾਂ ਸੁਖਦੀਪ ਸਿੰਘ, ਮਨਦੀਪ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ।