ਡੀ ਸੀ ਵਿਨੈ ਬਬਲਾਨੀ ਵੱਲੋਂ ਬਕਾਇਆ 4 ਲੱਖ ਅੱਜ ਸੌਂਪਿਆ ਗਿਆ
ਨਵਾਂਸ਼ਹਿਰ, 15 ਅਕਤੂਬਰ,2019: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਅੱਜ ਮੋਹਨ ਮਹਾਤੋ ਦੀ ਵਿਧਵਾ ਪ੍ਰੇਮਸ਼ਿਲਾ ਨੂੰ ਕੁਦਰਤੀ ਆਫ਼ਤ ਦੀ ਭੇਟ ਚੜ੍ਹੇ ਉਸ ਦੇ ਪਤੀ ਅਤੇ ਨਬਾਲਗ਼ ਪੁੱਤਰ ਗਿਰਜੇਸ਼ ਮਹਾਤੋ ਦੀ ਮੌਤ ਦਾ ਦਿੱਤਾ ਜਾਣ ਵਾਲਾ 6-6 ਲੱਖ ਰੁਪਏ ਦਾ ਮੁਆਵਜ਼ਾ, ਬਕਾਇਆ ਰਹਿੰਦੀ 2-2 ਲੱਖ ਰੁਪਏ ਦੀ ਕਿਸ਼ਤ ਦੇਣ ਨਾਲ ਮੁਕੰਮਲ ਹੋ ਗਿਆ। ਇਹ ਮੁਆਵਜ਼ਾ ‘ਸਟੇਟ ਡਿਜ਼ਾਸਟਰ ਰਿਸਪਾਂਸ ਫੰਡ’ ’ਚੋਂ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਪ੍ਰੇਮਸ਼ਿਲਾ ਨੂੰ ਦੋ-ਦੋ ਲੱਖ ਰੁਪਏ ਦੇ ਬਕਾਇਆ ਦਾ ਮਨਜ਼ੂਰੀ ਪੱਤਰ ਸੌਂਪਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਦੇ ਪਰਿਵਾਰ ਦੇ ਕੀਮਤੀ ਜੀਆਂ ਨੂੰ ਤਾਂ ਭਾਵੇਂ ਮੋੜ ਕੇ ਨਹੀਂ ਲਿਆ ਸਕਿਆ ਪਰ ਮਾਨਵੀ ਹਮਰਦਰੀ ਅਤੇ ਪ੍ਰਸ਼ਾਸਨਿਕ ਸੁਹਿਰਦਤਾ ਦਾ ਪ੍ਰਮਾਣ ਦਿੰਦਿਆਂ, ਉਸ ਦੇ ਜੀਵਨ ਨਿਰਬਾਹ ਲਈ ਸਮੇਂ ਸਿਰ ਮੁਆਵਜ਼ਾ ਦਿਵਾਉਣ ’ਚ ਜ਼ਰੂਰ ਸਫ਼ਲ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਚੂਹੜਪੁਰ ਵਿਖੇ ਇੱਕ ਪੋਲਟਰੀ ਫ਼ਾਰਮ ’ਤੇ ਰਹਿੰਦੇ ਇਸ ਪਰਵਾਸੀ ਪਰਿਵਾਰ ਦੇ ਦੋ ਜੀਅ ਪਿਛਲੇ ਸਾਲ 22 ਦਸੰਬਰ ਨੂੰ ਭਾਰੀ ਬਾਰਸ਼ ਦੌਰਾਨ ਮਕਾਨ ਡਿੱਗਣ ਕਾਰਨ ਕੁਦਰਤੀ ਮੋਤ ਦੇ ਮੂੰਹ ਜਾ ਪਏ ਸਨ।
ਉਸ ਮੌਕੇ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਤੇ ਕਿਰਤ ਵਿਭਾਗ ਨੂੰ ਮੌਕੇ ਦਾ ਮੁਆਇਨਾ ਕਰਨ ਭੇਜਿਆ ਗਿਆ ਸੀ ਤਾਂ ਜੋ ਮਾਨਵੀ ਹਮਦਰਦੀ ਦੇ ਆਧਾਰ ’ਤੇ ਪਰਿਵਾਰ ਨੂੰ ਕੁੱਝ ਨਾ ਕੁੱਝ ਮੁਆਵਜ਼ਾ ਦਿਵਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਯਤਨਾਂ ’ਚ ਇਸ ਸਾਲ ਦੇ ਸ਼ੁਰੂ ’ਚ ਉਸ ਮੌਕੇ ਸਫ਼ਲਤਾ ਮਿਲੀ ਸੀ ਜਦੋਂ ਜਨਵਰੀ ਦੇ ਅਖੀਰਲੇ ਹਫ਼ਤੇ ਮੁਆਵਜ਼ੇ ਦੀ ਪਹਿਲੀ 4-4 ਲੱਖ ਰੁਪਏ ਦੀ ਕਿਸ਼ਤ ਪ੍ਰੇਮਸ਼ਿਲਾ ਦੇ ਖਾਤੇ ’ਚ ਆਨਲਾਈਨ ਟ੍ਰਾਂਸਫ਼ਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਪਹਿਲੀ ਕਿਸ਼ਤ ਦਾ ਐਨ ਓ ਸੀ ਸਮੇਂ ਸਿਰ ਪੰਜਾਬ ਸਰਕਾਰ ਨੂੰ ਭੇਜੇ ਜਾਣ ਬਾਅਦ, ਹੁਣ ਇਹ ਦੂਸਰੀ ਕਿਸ਼ਤ ਜਾਰੀ ਹੋ ਗਈ ਹੈ ਅਤੇ ਇਹ ਵੀ ਪੀੜਤ ਪਰਿਵਾਰ ਦੇ ਖਾਤੇ ’ਚ ਆਨਲਾਈਨ ਹੀ ਪਾਈ ਗਈ ਹੈ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਸ ਕਰ ਜ਼ਿਲ੍ਹਾ ਮਾਲ ਅਫ਼ਸਰ ਵਿਪਨ ਭੰਡਾਰੀ ਦੀਆਂ ਕੋਸ਼ਿਸ਼ਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਮੁਖੀ ਵਜੋਂ ਵਿਚਰਦਿਆਂ ਚਾਹੇ ਹਰ ਇੱਕ ਦੀਆਂ ਆਸਾਂ ’ਤੇ ਖ਼ਰਾ ਉਤਰਨਾ ਆਸਾਨ ਨਹੀਂ ਹੁੰਦਾ ਪਰ ਉਨ੍ਹਾਂ ਦੀ ਹਮੇਸ਼ਾਂ ਇਹੋ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ ਹਰੇਕ ਵਿਅਕਤੀ ਨੂੰ ਨਿਰਾਸ਼ ਨਾ ਪਰਤਣਾ ਪਵੇ। ਉਨ੍ਹਾਂ ਕਿਹਾ ਕਿ ਵਿੱਤੀ ਮੱਦਦ ਨਾਲ ਪਰਿਵਾਰ ਦੇ ਦੱੁਖ ਨੂੰ ਕੁੱਝ ਕੁ ਵੰਡਾਉਣ ਤੇ ਘਟਾਉਣ ’ਚ ਸਹਾਇਤਾ ਮਿਲੇਗੀ।
ਡਿਪਟੀ ਕਮਿਸ਼ਨਰ ਅਨੁਸਾਰ ਹਾਲ ਵਿੱਚ ਹੀ ਹੋਈਆਂ ਬਾਰਸ਼ਾਂ ਦੌਰਾਨ ਜ਼ਿਲ੍ਹੇ ’ਚ ਫ਼ਸਲਾਂ ਅਤੇ ਘਰਾਂ ਨੂੰ ਪੁੱਜੇ ਨੁਕਸਾਨ ਲਈ ਵੀ ਮੁਆਵਜ਼ੇ ਦਾ ਕੇਸ ਬਣਾ ਕੇ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਜਿਵੇਂ ਹੀ ਸਰਕਾਰ ਵੱਲੋਂ ਇਸ ਸਬੰਧੀ ਰਾਸ਼ੀ ਜਾਰੀ ਕੀਤੀ ਜਾਵੇਗੀ, ਪ੍ਰਭਾਵਿਤ ਵਿਅਕਤੀਆਂ ਨੂੰ ਇਸ ਦੀ ਵੰਡ ਕਰ ਦਿੱਤੀ ਜਾਵੇਗੀ।