ਦਸੂਹਾ, 15 ਅਕਤੂਬਰ 2019 - ਦਸੂਹਾ ਵਿੱਚ ਇੱਕ ਨਵ-ਗਠਿਤ ਸਮਾਜ ਸੇਵਾ ਸੰਸਥਾ “ਹੈਲਪਿੰਗ ਹੈਡ ਫਾਰ ਨੀਡੀ” ਵੱਲੋਂ “ਤਿਉਹਾਰ ਅਤੇ ਸਾਡਾ ਸਮਾਜ” ਵਿਸ਼ੇ ਉੱਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਦੁਆਬੇ ਦੇ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਮੁੱਖ ਮਹਿਮਾਨ ਵੱਜੋ ਹਾਜ਼ਿਰ ਹੋਏ। ਕਹਾਣੀਕਾਰ ਲਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਲੋਕਾਂ ਨੂੰ ਦੀਵਾਲੀ ਦੇ ਪਵਿੱਤਰ ਸਾਰੇ ਧਰਮਾਂ ਦੇ ਸਾਂਝੇ ਤਿਉਹਾਰ ਸਮੇਂ ਇਹ ਅਹਿਦ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਇਹਨਾਂ ਦਿਨਾਂ ਉੱਤੇ ਜਗਦੇ ਦੀਵਿਆਂ ਦੀ ਲੋਅ ਵਿੱਚ ਬੈਠ ਕੇ ਅਨਪੜ੍ਹਤਾ ਤੇ ਜਹਾਲਤ ਦੀ ਦਲਦਲ ਵਿੱਚ ਫਸੀ ਦੇਸ਼ ਦੀ ਅੱਧਿਓਂ ਵੱਧ ਲੋਕਾਈ ਦੀ ਬਾਂਹ ਫੜਨਾ, ਭੁੱਖਮਰੀ , ਗਰੀਬੀ ਤੇ ਬਿਮਾਰੀ ਨਾਲ ਤੜਫ਼ਦੇ ਕਰੋੜਾਂ ਲੋਕ ਕੋਈ ਸੁਨਹਿਰੀ ਕਿਰਨ ਜਗਾਉਣ ਦਾ ਉਪਰਾਲਾ ਕਰਨ, ਆਪਣੇ ਆਲੇ-ਦੁਆਲੇ ਗੰਦਗੀ ਦੀ ਅਲਾਮਤ ਖ਼ਤਮ ਕਰਨ ਅਤੇ ਗੰਦਲੇ ਮਨ੍ਹਾਂ ਅਤੇ ਰਾਜਨੀਤੀ ਨੂੰ ਪਾਕ ਸਾਫ ਕਰਨ, ਸਾਡੇ ਸੱਭਿਆਚਾਰ ਨੂੰ ਸੰਭਾਲਣਾ, ਜਿਸ ਦੇ ਗੰਧਲੇਪਨ ਕਾਰਨ ਸਾਡੇ ਰਿਸ਼ਤੇ, ਸਾਡੀ ਬੋਲੀਆਂ, ਸਾਡੇ ਘਰ-ਪਰਿਵਾਰ ਸਭ ਕੁਝ ਖੋਹ-ਖਿੰਡ ਦਿੱਤੇ ਹਨ, ਲਈ ਇਹ ਅਹਿਦ ਬਹੁਤ ਜਰੂਰੀ ਹੈ। ਇਹਨਾਂ ਕੰਮਾਂ ਦੀ ਦੁਹਰਾਈ ਤੇ ਮੁੜ-ਦੁਹਰਾਈ ਕਰਨੀ ਵੀ ਬਹੁਤ ਜਰੂਰੀ ਹੈ, ਤਾਂ ਜੋ ਸਮਾਜ ਜਿੰਦਾ ਅਤੇ ਰਹਿਣਯੋਗ ਰਹੇ। ਕਹਾਣੀਕਾਰ ਲਾਲ ਸਿੰਘ ਨੇ ਅੱਗੇ ਕਿਹਾ ਕਿ ਤਿਉਹਾਰਾਂ ਦੌਰਾਨ ਸਮਾਜ ਵਿੱਚ ਜਿਆਦਾਤਰ ਰਸਮਾਂ ਦਾ ਰੂਪ ਵਿੱਚ ਸ਼ਰਧਾ ਨਾਲੋਂ ਵਿਖਾਵਾ ਘਾਤਕ ਸਿੱਧ ਹੋਣ ਤੱਕ ਚਲਿਆ ਜਾਂਦਾ ਹੈ। ਇਸ ਨਾਲ ਇਕ ਪਾਸੇ ਧੰਨ ਦਾ ਅਫ਼ਸੋਸ ਦਾਇਕ ਪ੍ਰਦਰਸ਼ਨ ਹੁੰਦਾ ਹੈ ਨਾਲ ਹੀ ਦੂਜੇ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ ਹੁੰਦਾ ਹੈ। ਇਹ ਦੋਨੋਂ ਵਰਤਾਰੇ ਰੋਜ਼ੀ ਰੋਟੀ ਲਈ ਆਤੁਰ ਦੇਸ਼ ਦੇ ਕਈ ਕਰੋੜ ਲੋਕਾਂ ਨੂੰ ਹੋਰ ਵੀ ਡੂੰਘੀ ਚਿੰਤਾ ਵਿੱਚ ਡੋਬ ਦਿੰਦੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਰੌਸ਼ਨੀਆਂ ਦੇ ਸਨਮੁੱਖ, ਇਨ੍ਹਾਂ ਚਿਰਾਗਾਂ ਦੇ ਰੂਬਰੂ ਅੱਜ ਸਾਡਾ ਇਹ ਵੀ ਹਲਫ਼ ਲੈਣਾ ਬਣਦਾ ਕਿ ਜੋ ਕੋਈ ਨਾਮ-ਨਿਹਾਦ ਚਿਰਾਗ ਇਵੇਂ ਕਰਦਾ ਹੈ, ਕੋਈ ਗੈਰ-ਪ੍ਰਸੰਗਤ ਲਾਟ ਛੱਡਦਾ ਹੈ ਤਾਂ ਉਸ ਨੂੰ ਬੁਝਾ ਦਿੱਤਾ ਹੀ ਜਾਣਾ ਚਾਹੀਦਾ। ਉਹ ‘ਚਿਰਾਗ’ ਭਾਵੇਂ ‘ਰਾਵਣ’ ਨਾਲੋਂ ਵੀ ਵੱਧ ਵਿਦਵਾਨ ਹੋਣ ਦਾ ਦਾਅਵਾ ਹੀ ਕਿਉਂ ਨਾ ਕਰਦਾ ਹੋਵੇ। ਇਸ ਮੌਕੇ “ਹੈਲਪਿੰਗ ਹੈਡ ਫਾਰ ਨੀਡੀ” ਵੱਲੋਂ ਪ੍ਰਧਾਨ ਅਮਰਜੀਤ ਸਿੰਘ, ਪਰਮਿੰਦਰ ਸਿੰਘ, ਪਲਵਿੰਦਰ ਸਿੰਘ, ਅਸ਼ੋਕ ਕੁਮਾਰ, ਦਵਿੰਦਰ ਸਿੰਘ, ਰਣਜੋਧ ਸਿੰਘ, ਬਿਸ਼ਨ ਦਾਸ, ਠਾਕੁਰ ਪ੍ਰੀਤਮ ਸਿੰਘ, ਗਗਨਦੀਪ ਸਿੰਘ, ਪ੍ਰਭਜੋਤ ਸਿੰਘ ਆਦਿ ਹਾਜ਼ਿਰ ਸਨ।