ਸਿੱਖ ਪੰਥ ਨੂੰ ਦਰਪੇਸ਼ ਮਸਲ਼ਿਆ ਨਾਲ ਨਜਿੱਠਣ ਲਈ ਸਿੱਖ ਪੰਥ ਨੂੰ ਦਰਪੇਸ਼ ਮਸਲ਼ਿਆ ਨਾਲ ਨਜਿੱਠਣ ਲਈ ਕੰਮ ਕਾਜ ਸ਼ੁਰੂ - ਡਰਬੀ ਇਜਲਾਸ ਦੌਰਾਨ ਅਹੁਦੇਦਾਰਾਂ ਦੀ ਨਿਯੁਕਤੀ ਅਤੇ 10 ਕੌਂਸਲਾ ਦੀ ਸਥਾਪਤੀ ਸੰਪੂਰਨ, ਪਾਰਲੀਮੈਂਟ ਵੱਲੋਂ ਪੰਥ ਦੀ ਚੜ੍ਹਦੀ ਕਲਾ ਲਈ ਸਮੂਹ ਸਿੱਖ ਜਥੇਬੰਦੀਆਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਬਣਨ ਲਈ ਸੱਦਾ
ਡਰਬੀ (ਯੂ.ਕੇ), ਅਕਤੂਬਰ – ਵਰਲਡ ਸਿੱਖ ਪਾਰਲੀਮੈਂਟ ਦਾ ਦੂਜਾ ਇਜਲਾਸ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਵਿਖੇ ਦੋ ਦਿਨ ਚੱਲਿਆ । ਇਸ ਇਜਲਾਸ ਦੌਰਾਨ ਡੈਲੀਗੇਟਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਨੂੰਵਿਚਾਰਿਆ ਅਤੇ ਇਹਨਾ ਚੁਣੌਤੀਆਂ ਨਾਲ ਸਿੱਝਣ ਲਈ ਸਕਾਰਾਤਮਕ ਏਜੰਡਾ ਤਿਆਰ ਕੀਤਾ ਗਿਆ ।
ਇਸ ਮੌਕੇ ਵੱਖ ਵੱਖ ਦੇਸ਼ਾਂ ਦੇ 125 ਮੈਂਬਰਾਂ ਅਤੇ ਅਜ਼ਾਦ ਆਬਜ਼ਰਵਰ ਨੇ ਇਜਲਾਸ ਵਿੱਚ ਹਿੱਸਾ ਲਿਆ । ਸ਼ਨੀਵਾਰ ਨੂੰ ਪਾਰਲੀਮੈਂਟ ਦੇ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਰਲਡ ਸਿੱਖ ਪਾਰਲੀਮੈਂਟ ਨਾਲ ਵਚਨ ਬੱਧਤਾ ਪ੍ਰਗਟ ਕਰਕੇ ਇਜਲਾਸ ਦੀ ਸ਼ੁਰੂਆਤ ਕੀਤੀ ।
ਸੈਸ਼ਨ ਦੀ ਕਾਰਵਾਈ ਸ: ਮਨਪ੍ਰੀਤ ਸਿੰਘ ਨੇ ਅਰੰਭ ਕਰਦਿਆਂ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਤੋਂ ਲੈ ਕੇ ਅਮਰੀਕਾ ਦੀ ਕਨਵੈਨਸ਼ਨ, ਫਿਰ ਕੈਨੇਡਾ, ਜਰਮਨੀ, ਸਪੇਨ, ਇਟਲੀ ਦੀਆਂ ਮੀਟਿੰਗਾਂ ਅਤੇ ਪਿਛਲੇ ਸਾਲ ਪੈਰਿਸ ਵਿੱਚ ਹੋਈ ਕਨਵੈਨਸ਼ਨ ਦੌਰਾਨ ਹੋਏ ਕੰਮਾਂ ਦੀ ਜਾਣਕਾਰੀ ਦਿੱਤੀ। । ਪੰਜਾਬ ਤੋਂ ਆਏ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਪੜ੍ਹ ਕੇ ਪਾਰਲੀਮੈਂਟ ਵਿੱਚ ਸੁਣਾਇਆ ।
ਸੈਸ਼ਨ ਵਿੱਚ ਬਾਪੂ ਗੁਰਚਰਨ ਸਿੰਘ ਨੇ ਪਾਰਲੀਮੈਂਟ ਦੇ ਸੁਪਰੀਮ ਕੌਂਸਲ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ, ਜਿਹਨਾਂ ਵਿੱਚ ਸਪੀਕਰ ਸ: ਜੋਗਾ ਸਿੰਘ ਯੂ ਕੇ, ਕੋਆਰਡੀਨੇਟਰ ਸ: ਹਿੰਮਤ ਸਿੰਘ ਅਮਰੀਕਾ, ਸ: ਗੁਰਚਰਨ ਸਿੰਘ ਗੁਰਾਇਆ ਜਰਮਨੀ, ਜਨਰਲ ਸੈਕਟਰੀ ਹਰਦਿਆਲ ਸਿੰਘ ਯੂ ਐਸ ਏ ਅਤੇ ਸ: ਮਨਪ੍ਰੀਤ ਸਿੰਘ ਯੂ ਕੇ, ਖਜ਼ਾਨਚੀ ਸ: ਸੁਨੀਤ ਸਿੰਘ ਤੁਲੀ ਨੂੰ ਸਰਬ ਸੰਮਤੀ ਨਾਲ ਮੈਂਬਰਾਂ ਵੱਲੋਂ ਸਹਿਮਤੀ ਦਿੱਤੀ ਗਈ।
ਇਸ ਉਪਰੰਤ ਸਪੀਕਰ ਸ: ਜੋਗਾ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ ਤੇ ਬਾਕੀ ਖੇਤਰੀ ਕੌਂਸਲਾਂ ਦੇ ਅਹੁਦੇਦਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ। ਦੋਵੇਂ ਸੈਸ਼ਨਾਂ ਦੌਰਾਨ ਸ: ਜੋਗਾ ਸਿੰਘ ਨੇ ਸਪੀਕਰ ਵਜੋਂ ਕਾਰਵਾਈ ਕੀਤੀ, ਉਹਨਾਂ ਦੇ ਨਾਲ ਪੈਨਲ ‘ਤੇ ਓਬਜ਼ਰਬਰਾਂ ਵਿੱਚ ਡਾ: ਗੁਰਨਾਮ ਸਿੰਘ, ਬਾਪੂ ਗੁਰਚਰਨ ਸਿੰਘ, ਡਾ: ਸ਼ਮਸ਼ੇਰ ਸਿੰਘ ਕੈਨੇਡਾ, ਭਾਈ ਸ਼ਾਮ ਸਿੰਘ ਆਸਟ੍ਰੇਲੀਆ ਅਤੇ ਡਾ: ਹਰਦਮ ਸਿੰਘ ਯੂ ਐਸ ਏ ਸ਼ਾਮਲ ਹੋਏ । ਸ: ਸ਼ਾਮ ਸਿੰਘ ਆਸਟ੍ਰੇਲੀਆ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਢਾਂਚੇ ਅਤੇ ਇਸ ਦੇ ਕੰਮ ਕਰਨ ਦੇ ਢੰਗਾਂ ਬਾਰੇ ਦੱਸਿਆ। ਸ: ਹਰਦਿਆਲ ਸਿੰਘ ਯੂ ਐਸ ਏ ਨੇ ਦੱਸਿਆ ਕਿ ਪਾਰਲੀਮੈਂਟ ਦੀਆਂ 10 ਕੌਂਸਲਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਉਹਨਾਂ ਦੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਆਪਣੇ ਤੌਰ ਤੇ ਕਮੇਟੀਆਂ ਬਣਾ ਕੇ ਕੰਮ ਕਰ ਰਹੀਆਂ ਹਨ।
ਇਹ ਦਸ ਕੌਂਸਲਾਂ ਇਸ ਪ੍ਰਕਾਰ ਹਨ ਸਿਵਲ ਤੇ ਹਿਊਮਨ ਰਾਈਟਸ ਕੌਂਸਲ, ਸੈਲਫ ਡਿਟਰਮੀਨੇਸ਼ਨ ਕੌਂਸਲ, ਐਜੂਕੇਸ਼ਨ ਅਫੇਅਰਜ਼ ਕੌਂਸਲ, ਫਾਈਨਾਂਸ ਐਂਡ ਵਰਲਡ ਬੈਂਕ ਕੌਂਸਲ, ਯੂ ਐਨ, ਐਨ ਜੀ’ਓਜ਼ ਅਤੇ ਇੰਟ: ਬੌਡੀਜ਼ ਇਨਗੇਜ਼ਮੈਂਟ, ਵੈਲਫੇਅਰ ਆਫ ਸਿੱਖ ਪ੍ਰਿਜ਼ਨਰਜ਼ ਤੇ ਸ਼ਹੀਦ ਪਰਿਵਾਰ, ਧਾਰਮਿਕ ਕੌਂਸਲ, ਹੋਮ ਐਂਡ ਇਨਟਰਨਲ ਅਫੇਅਰਜ਼ ਕੌਂਸਲ, ਗ੍ਰੀਵੈਂਨਸਿਜ਼ ਕੌਂਸਲ, ਮੀਡੀਆ ਅਤੇ ਕਮਿਊਨੀਕੇਸ਼ਨਜ਼ ਕੌਂਸਲ।
ਐਤਵਾਰ ਨੂੰ ਹੋਈ ਖੁੱਲ੍ਹੀ ਕਨਵੈਨਸ਼ਨ ਦੌਰਾਨ ਪਾਰਲੀਮੈਂਟ ਦੇ ਵੱਖ ਵੱਖ ਨੁੰਮਾਇੰਦਿਆਂ ਨੇ ਸੰਗਤਾਂ ਨਾਲ ਇਜਲਾਸ ਦੌਰਾਨ ਪਾਸ ਕੀਤੇ ਮਤਿਆਂ ਦੀ ਸਾਂਝ ਪਾਈ । ਵੱਖ ਵੱਖ ਬੁਲਾਰਿਆਂ ਵੱਲੋਂ ਵਿਚਾਰ ਸਾਂਝੇ ਕਰਦਿਆਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਣ ਕੀਤਾ । ਬੁਲਾਰਿਆਂ ਨੇ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਕੌਮ ਦੇ ਖੁੱਸੇ ਹੋਏ ਰਾਜ ਭਾਗ ਨੂੰ ਮੁੜ ਕਾਇਮ ਕਰਨਾ ਹੈ, ਕੌਮ ਦੇ ਸਿਰਲੱਥ ਸੂਰਬੀਰ ਯੋਧੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਨੁਸਾਰ ਜਿਵੇਂ ਪੁਰਾਤਨ ਸਮੇਂ ਵਿੱਚ ਸਿੱਖ ਮਿਸਲਾਂ ਤੇ ਖਾਲਸਾ ਦਲ ਕੰਮ ਕਰਦੇ ਸਨ, ਉਸ ਤੋਂ ਸੇਧ ਲੈਂਦਿਆਂ ਵਰਲਡ ਸਿੱਖ ਪਾਰਲੀਮੈਂਟ ਕਾਇਮ ਕਰਕੇ ਸਾਰੀਆਂ ਆਜ਼ਾਦੀ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਕੌਮ ਆਪਣੇ ਹਲੇਮੀ ਰਾਜ ਵੱਲ ਅੱਗੇ ਵਧ ਸਕਦੀ ਹੈ। ਭਾਰਤ ਸਰਕਾਰ ਗੈਰ ਹਿੰਦੂਆਂ, ਘੱਟ ਗਿਣਤੀ ਕੌਮਾਂ ਅਤੇ ਪਹਿਲਾਂ ਹੀ ਲਿਤਾੜੇ ਹੋਏ ਲੋਕਾਂ ਨੂੰ ਦਬਾਉਣ ਅਤੇ ਖਤਮ ਕਰਨ ‘ਤੇ ਤੁਲੀ ਹੋਈ ਹੈ।
ਇਹ ਦੋਸ਼ ਲਾਇਆ ਗਿਆ ਕਿ ਭਾਰਤ ਹੁਣ ਭਾਜਪਾ ਦੇ ਸਾਸ਼ਨ ਹੇਠ ਫਾਸਿਸਟ ਦੇਸ਼ ਬਣ ਚੁੱਕਾ ਹੈ।ਇਹ ਐਲਾਨ ਕੀਤਾ ਗਿਆ ਸਿੱਖ ਰਾਜ ਆਉਣ ਤੇ ਨਿਊਕਲੀਅਰ ਜੰਗ ਨਹੀਂ ਹੋਣ ਦੇਵਾਂਗੇ।
ਆਖਰ ਵਿੱਚ ਬੁਲਾਰਿਆਂ ਨੇ ਸਭ ਦਾ ਧੰਨਵਾਦ ਕਰਦੇ ਹੋਏ ਸਮੂਹ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਵਰਲਡ ਸਿੱਖ ਪਾਰਲੀਮੈਂਟ ਵਿੱਚ ਆਪਣੇ ਨੁਮਾਇੰਦੇ ਭੇਜਣ ਲਈ ਇਕ ਵਾਰ ਫਿਰ ਸੱਦਾ ਦਿੱਤਾ ।
ਸਾਰੀ ਦੁਨੀਆ ਵਿੱਚੋਂ ਵਰਲਡ ਸਿੱਖ ਪਾਰਲੀਮੈਂਟ ਦੇ 300 ਮੈਂਬਰ ਲਏ ਜਾਣੇ ਹਨ। ਪੰਜਾਬ ਵਿੱਚੋਂ 150 ਅਤੇ 150 ਬਾਕੀ ਸਾਰੇ ਦੇਸ਼ਾਂ ਵਿੱਚੋਂ ਲਏ ਜਾ ਰਹੇ ਹਨ । ਹੁਣ ਤੱਕ 25 ਵੱਖ ਵੱਖ ਦੇਸ਼ਾਂ ਵਿੱਚੋਂ 50 ਵੱਖ ਵੱਖ ਜਥੇਬੰਦੀਆਂ ਦੇ 130 ਮੈਂਬਰ ਲਏ ਜਾ ਚੁੱਕੇ ਹਨ । ਬਚੀਆਂ ਸਿੱਖ ਸੰਸਥਾਵਾਂ ਨਾਲ ਇਸ ਸਬੰਧੀ ਰਾਬਤਾ ਕਰਕੇ ਉਹਨਾਂ ਨੂੰ ਸ਼ਾਮਲ ਕਰਨ ਦਾ ਕੰਮ ਲਗਾਤਾਰ ਜਾਰੀ ਹੈ ।
ਡਰਬੀ ਇਜਲਾਸ ਵਿੱਚ ਪਾਸ ਕੀਤੇ ਗਏ ਮਤੇ:
1) ਮੀਡੀਆ ਕੌਂਸਲ: ਵਰਲਡ ਸਿੱਖ ਪ੍ਰੈੱਸ ਐਸੋਸੀਏਸ਼ਨ ਦੀ ਸਥਾਪਨਾ ਕਰਨੀ, ਇੰਟਰਨੈਟ ਦੀ ਵਰਤੋਂ ਵਧਾਉਣੀ, ਵਰਲਡ ਸਿੱਖ ਪਾਰਲੀਮੈਂਟ ਦੀਆਂ ਦੂਜੀਆਂ ਕੌਂਸਲਾਂ ਨਾਲ ਤਾਲਮੇਲ ਵਧਾਉਣਾ, ਸਿੱਖ ਸਾਹਿਤ ਦਾ ਰਿਵੀਊ ਬੋਰਡ ਬਨਾਉਣਾ, ਮੀਡੀਆ ਕੌਂਸਲ ਅੱਜ ਦੇ ਯੁੱਗ ਦੇ ਸਾਰੇ ਸੰਚਾਰ ਸਾਧਨਾਂ ਦੀ ਪਾਰਲੀਮੈਂਟ ਦੇ ਪ੍ਰਚਾਰ ਲਈ ਯੋਗ ਵਰਤੋਂ ਕਰੇਗੀ।
2) ਵੈਲਫੇਅਰ ਕੌਂਸਲ: ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਕਾਨੂੰਨੀ ਮਦਦ, ਸ਼ਹੀਦ ਪਰਿਵਾਰਾਂ ਦੀ ਦੇਖਭਾਲ ਅਤੇ ਜਿਹੜੇ ਭਾਈਚਾਰੇ ਸਿੱਖ ਪੰਥ ਤੋਂ ਦੂਰ ਚਲੇ ਗਏ ਹਨ, ਉਹਨਾਂ ਨੂੰ ਸਿੱਖੀ ਦੇ ਨੇੜੇ ਲਿਆਉਣਾ।
3) ਯੂ ਐਨ ਕੌਂਸਲ: ਐਨ ਜੀ ਓਜ਼ ਅਤੇ ਕੌਮਾਂਤਰੀ ਸੰਸਥਾਵਾਂ, ਸਿਵਲ ਅਤੇ ਹਿਊਮਨ ਰਾਈਟਸ ਕੌਂਸਲ: ਦੁਨੀਆ ਦੇ ਆਜ਼ਾਦ ਦੇਸ਼ਾਂ ਦੀਆਂ ਸਰਕਾਰਾਂ, ਯੂ ਐਨ ਓ ਦੀਆਂ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਦੁਨੀਆ ਭਰ ਵਿੱਚ ਸਿੱਖਾਂ ਦੇ ਮੁਢਲੇ ਅਤੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਦੂਜੇ ਭਾਈਚਾਰਿਆਂ ਨੂੰ ਸਿੱਖਾਂ ਉਤੇ ਹੋ ਰਹੇ ਜ਼ੁਲਮ ਪ੍ਰਤੀ ਜਾਗਰੂਕ ਕਰਨ ਲਈ ਕੰਮ ਕਰਨਾ ।
4) ਸੈਲਫ਼ ਡਿਟਰਮੀਨੇਸ਼ਨ ਕੌਂਸਲ: ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਭਾਰਤ ਦੀ ਹਿੰਦੂਤਵ ਬਹੁਗਿਣਤੀ ਸਰਕਾਰ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਅਤੇ ਦੱਖਣੀ ਏਸ਼ੀਆ ਵਿੱਚ ਜੰਗੀ ਮਾਹੌਲ ਪੈਦਾ ਕਰਨ ਤੋਂ ਭਾਰਤ ਨੂੰ ਰੋਕਿਆ ਜਾਵੇ। ਜੇ ਭਾਰਤ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਲੱਗੀ ਤਾਂ ਸਭ ਤੋਂ ਵੱਧ ਨੁਕਸਾਨ ਸਿੱਖ ਕੌਮ ਦਾ ਹੋਵੇਗਾ, ਕਿਉਂਕਿ ੭੦ਫੀਸਦੀ ਤੋਂ ਵੱਧ ਸਿੱਖ ਪੰਜਾਬ ਵਿੱਚ ਰਹਿੰਦੇ ਹਨ, ਉਹ ਸਿੱਖਾਂ ਦਾ ਹੋਮਲੈਂਡ ਹੈ।
5) ਹੋਮ ਅਤੇ ਘਰੇਲੂ ਮਸਲੇ ਕੌਂਸਲ: ਸਮੁੱਚੇ ਪੰਥ ਨੂੰ ਇਕ ਪਲੇਟ ਫਾਰਮ ਤੇ ਲਿਆਉਣ ਲਈ ਵਲਰਡ ਸਿੱਖ ਪਾਰਲੀਮੈਂਟ ਅੰਦਰੂਨੀ ਅਤੇ ਬਾਹਰੀ ਸਾਰੇ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਨਾਲ ਰਾਬਤਾ ਕਰਕੇ ਕੰਮ ਕਰੇਗੀ ।
6) ਐਜੂਕੇਸ਼ਨ ਕੌਂਸਲ: ਐਜੂਕੇਸ਼ਨ ਕੌਂਸਲ ਤਿੰਨ ਖੇਤਰਾਂ ਵਿੱਚ ਕੰਮ ਕਰੇਗੀ- * ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ, * ਗੈਰ ਸਿੱਖਾਂ ਨੂੰ ਸਿੱਖੀ ਬਾਰੇ ਜਾਣੂ ਕਰਵਾਉਣਾ, * ਨੌਜਵਾਨ ਸਿੱਖਾਂ ਨੂੰ ਵਿੱਦਿਅਕ ਅਦਾਰਿਆਂ ਵਿੱਚ ਜਾਣ ਲਈ ਉਤਸਾਹਿਤ ਕਰਨਾ, * ਪੰਜਾਬ ਦੇ ਜਿਹੜੇ ਸਕੂਲਾਂ ਵਿੱਚ ਪੰਜਾਬੀ ਬੋਲਣ ਉਤੇ ਪਾਬੰਦੀ ਲਾਈ ਜਾਂਦੀ ਹੈ, ਉਹਨਾਂ ਉਤੇ ਨਜ਼ਰ ਰੱਖਣੀ, ਤਾਂ ਜੋ ਪੰਜਾਬੀ ਬੋਲਣ ਵਾਲਿਆਂ ਦਾ ਤਵਾਜ਼ਨ ਨਾ ਵਿਗੜੇ। ਸੰਗਤ ਸਾਨੂੰ ਉਹਨਾਂ ਸਕੂਲਾਂ ਬਾਰੇ ਦੱਸੇ ਜਿੱਥੇ ਅਜਿਹਾ ਵਾਪਰ ਰਿਹਾ ਹੈ ।
7) ਧਾਰਮਿਕ ਕੌਂਸਲ: ਪੰਜਾਬ ਅਤੇ ਦੁਨੀਆ ਭਰ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਏਕਤਾ ਲਈ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਨੂੰ ਆਧਾਰ ਬਣਾ ਕੇ ਸਾਰੀਆਂ ਪੰਥਕ ਸੰਸਥਾਵਾਂ ਦੇ ਆਦਰ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਸਿੱਖੀ ਦਾ ਪ੍ਰਚਾਰ ਕਰਨਾ।
8) ਫਾਈਨਾਂਸ ਅਤੇ ਵਰਲਡ ਸਿੱਖ ਬੈਂਕ ਕੌਂਸਲ: ਇਕ ਵਰਲਡ ਸਿੱਖ ਬੈਂਕ ਸਥਾਪਤ ਕਰਨ ਦੇ ਯਤਨ ਕਰਨੇ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੰਮ ਕਾਜ ਲਈ ਹਰੇਕ ਖੇਤਰ ਆਪਣਾ ਵਿਤੀ ਪ੍ਰਬੰਧ ਇਕ ਸਾਲ ਦੇ ਵਿੱਚ ਸਥਾਪਤ ਕਰੇਗੀ ।
9) ਗ੍ਰੀਵੈਂਸਸਿਜ਼ ਕੌਂਸਲ: ਕੋਆਰਡੀਨੇਸ਼ਨ ਕਮੇਟੀ ਵੱਲੋਂ ਇਕ ਸਲਾਹਕਾਰ ਕੌਂਸਲ ਬਨਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਹੜੀ ਪ੍ਰਭਾਵਿਤ ਸਿਖਾਂ ਲਈ ਕੰਮ ਕਰਨ ਦੇ ਤਰੀਕੇ ਅਤੇ ਨਿਯਮ ਬਣਾ ਕੇ ਅੱਗੇ ਵਧੇਗੀ ।
10) ਬੀਬੀਆਂ ਦੀ ਪ੍ਰਤੀਨਿਧਤਾ ਕੌਂਸਲ: ਵਰਲਡ ਸਿੱਖ ਪਾਰਲੀਮੈਂਟ ਵਿੱਚ ਬੀਬੀਆਂ ਨੂੰ ਪ੍ਰਤੀਨਿੱਧਤਾ ਦੇਣ ਲਈ ਇਕ ਪੈਨਲ ਬਣਾਇਆ ਜਾਵੇਗਾ, ਜਿਹੜਾ ਮਰਦਾਂ ਅਤੇ ਬੀਬੀਆਂ ਨੂੰ ਬਰਾਬਰੀ ਦੇ ਆਧਾਰ ਤੇ ਯੋਗ ਪ੍ਰਤੀਨਿਧਤਾ ਦੇਣ ਲਈ ਕੰਮ ਕਰੇਗਾ, ਬੀਬੀਆਂ ਨੂੰ ਅੱਗੇ ਆਉਣ ਲਈ ਮੌਕੇ ਦੇਣ ਵਾਸਤੇ ਨੀਤੀ ਬਣਾਈ ਜਾਵੇਗੀ ।
11) ਸਿੱਖ ਹੈਰੀਟੇਜ ਕੌਂਸਲ: ਭਾਰਤੀ ਅਤੇ ਪੰਜਾਬੀ ਸੱਭਿਆਚਾਰ ਦੇ ਨਾਂ 'ਤੇ ਸਿੱਖ ਵਿਰਾਸਤ ਨੂੰ ਖਤਮ ਕਰਨ ਅਤੇ ਇਸ ਨੂੰ ਬਦਲਣ ਵਾਲੀਆਂ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਮੱਦੇਨਜ਼ਰ ਅਜਿਹੀ ਹਰੇਕ ਘਟਨਾ ਬਾਰੇ ਠੋਸ ਕਦਮ ਚੁੱਕੇ ਜਾਣਗੇ ।
ਇੱਕ ਮਤੇ ਰਾਹੀਂ ਆਰ ਐਸ ਐਸ ਤੇ ਪਾਬੰਦੀ ਲਾਏ ਜਾਨ ਅਤੇ ਸਿੱਖਾਂ ਨੂੰ ਰੈਫਰੰਡਮ 2020 ਵਿੱਚ ਅਗਲੇ ਸਾਲ ਭਾਗ ਲੈਣ ਲਈ ਅਪੀਲ ਵੀ ਕੀਤੀ ਗਈ