ਹਰਦਮ ਮਾਨ
ਸਰੀ, 16 ਅਕਤੂਬਰ 2019 - ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਵਿਕਰੀ ਵਧਣ ਕਾਰਨ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸਤੰਬਰ ਵਿੱਚ ਘਰਾਂ ਦੀ ਵਿਕਰੀ ਵਿੱਚ 15.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੀ.ਸੀ. ਦੇ ਲੋਅਰ ਮੇਨਲੈਂਡ, ਕੈਲਗਰੀ, ਐਡਮਿੰਟਨ, ਵਿਨੀਪੈਗ, ਗ੍ਰੇਟਰ ਟੋਰਾਂਟੋ ਏਰੀਆ, ਹੈਮਿਲਟਨ-ਬਰਲਿੰਗਟਨ, ਓਟਾਵਾ ਅਤੇ ਮਾਂਟਰੀਅਲ ਸਮੇਤ ਕਨੇਡਾ ਦੇ ਵੱਡੀ ਸ਼ਹਿਰੀ ਮਾਰਕੀਟ ਵਿਚ ਵਿਕਰੀ ਵਧ ਗਈ ਹੈ।
ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਕੈਨੇਡੀਅਨ ਮਲਟੀਪਲ ਲਿਸਟਿੰਗ ਸਰਵਿਸ ਦੁਆਰਾ ਘਰਾਂ ਦੀ ਵਿਕਰੀ 0.6 ਪ੍ਰਤੀਸ਼ਤ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਫਰਵਰੀ ਵਿਚ ਘਰਾਂ ਦੀ ਵਿਕਰੀ ਦਰ ਪਿਛਲੇ ਛੇ ਸਾਲਾਂ ਵਿਚ ਸਭ ਤੋਂ ਘੱਟ ਦਰਜ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਕਨੇਡਾ ਵਿਚ ਘਰਾਂ ਦੀ ਵਿਕਰੀ ਚੜ੍ਹ ਰਹੀ ਹੈ। ਸਤੰਬਰ 2019 ਵਿਚ ਵੇਚੇ ਗਏ ਘਰਾਂ ਦੀ ਰਾਸ਼ਟਰੀ ਔਸਤ ਕੀਮਤ ਲਗਭਗ 515,500 ਡਾਲਰ ਸੀ ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 5.3 ਪ੍ਰਤੀਸ਼ਤ ਵੱਧ ਸੀ। ਗ੍ਰੇਟਰ ਵੈਨਕੁਵਰ ਅਤੇ ਗ੍ਰੇਟਰ ਟੋਰਾਂਟੋ ਖੇਤਰਾਂ ਨੂੰ ਛੱਡ ਕੇ, ਔਸਤਨ ਕੀਮਤ 397,000 ਡਾਲਰ ਤੋਂ ਘੱਟ ਸੀ ਅਤੇ ਸਾਲ-ਦਰ-ਸਾਲ ਲਾਭ 3 ਪ੍ਰਤੀਸ਼ਤ ਸੀ।