ਚੰਡੀਗੜ੍ਹ, 17 ਅਕਤੂਬਰ 2019 - ਨਵੀਂ ਦਿੱਲੀ ਤੋਂ ਪੰਜਾਬ 'ਚ ਟੂਰਿਸਟ ਬੱਸਾਂ ਰਾਹੀਂ ਗੈਰਕਾਨੂੰਨੀ ਟਰੇਡ ਦਾ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ, ਪੰਜਾਬ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਜੀ.ਐਸ.ਟੀ (ਇਨਵੈਸਟੀਗੇਸ਼ਨ ਵਿੰਗ) ਚੰਡੀਗੜ੍ਹ, ਪੰਜਾਬ ਦੁਆਰਾ ਦੋ ਟੂਰਿਸਟ ਬੱਸਾਂ ਦੀ ਚੈਕਿੰਗ ਦੌਰਾਨ 100 ਤੋਂ ਉੱਪਰ ਅਨਬਰਾਂਡਿੰਗ ਐਲ.ਈ.ਡੀ ਟੀ.ਵੀ ਸਣੇ ਹੋਰ ਬਹੁਤ ਸਮਾਨ ਬਰਾਮਦ ਕੀਤਾ ਗਿਆ ਹੈ।
ਸ਼ਾਲਿਨ ਵਾਲੀਆ, ਡੀ.ਈ.ਟੀ.ਸੀ ਦੀ ਸੁਪਰਵਿਜ਼ਨ ਹੇਠ ਸਟੇਟ ਟੈਕਸ ਅਫਸਰ ਅਸ਼ੋਕ ਕੁਮਾਰ ਛਲੋਤਰਾ, ਇੰਸਪੈਕਟਰ ਪ੍ਰੀਤਪਾਲ ਸਿੰਘ ਅਤੇ ਇੰਸਪੈਕਟਰ ਰਜਨੀਸ਼ ਬੱਤਰਾ ਦੀ ਟੀਮ ਵੱਲੋਂ ਇਸ ਸਾਂਝੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।
ਅਧਿਕਾਰੀਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਵੀਂ ਦਿੱਲੀ ਤੋਂ ਪੰਜਾਬ ਆ ਰਹੀਆਂ 2 ਟੂਰਿਸਟ ਬੱਸਾਂ 'ਚ 123 ਬਿਨਾ ਕਿਸੇ ਬਰਾਂਡ ਦੀਆਂ ਐਲ.ਈ.ਡੀ ਟੀ.ਵੀ , 34 ਬੈਗ ਹੋਰ ਸਮਾਨ ਜਿਸ 'ਚ ਆਟੋ ਪਾਰਟਸ, ਪ੍ਰਿੰਟਡ ਕਾਰਡ ਈ.ਵੇਅ ਬਿਲ ਅਤੇ ਇਨਵਾਇਸਾਂ ਤੋਂ ਬਗੈਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੀ.ਐਸ.ਟੀ ਤੋਂ ਬਚਣ ਲਈ ਟੂਰਿਸਟ ਬੱਸਾਂ ਦੇ ਆਪਰੇਟਰ ਗੈਰਕਾਨੂੰਨੀ ਢੰਗ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਡੀ.ਈ.ਟੀ.ਸੀ ਸ਼ਾਲਿਨ ਵਾਲੀਆ ਨੇ ਅਜਿਹੇ ਬੱਸ ਆਪਰੇਟਰਾਂ ਨੂੰ ਸਖ਼ਤ ਵਾਰਨਿੰਗ ਦਿੱਤੀ ਕਿ ਅਜਿਹੇ ਮਾਮਲਿਆਂ 'ਤੇ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਮਾਫੀਏ ਨੂੰ ਨਕੇਲ ਪਾਉਣ ਲਈ ਭਵਿੱਖ 'ਚ ਹਰ ਸੰਭਵ ਕਦਮ ਚੁੱਕੇ ਜਾਣਗੇ।