ਚੰਡੀਗੜ੍ਹ, 17 ਅਕਤੂਬਰ 2019 - ਪੰਜਾਬ ਦੇ ਮੁਲਾਜ਼ਮਾਂ ਦੁਆਰਾ ਆਪਣੀਆਂ ਮੰਗਾਂ ਮਨਵਾਉਣ ਸਬੰਧੀ 17, 18 ਅਕਤੂਬਰ ਨੂੰ ਕਲਮ ਛੋੜ ਹੜਤਾਲ ਕਰਨ ਅਤੇ 18 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿਖੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਰਾਜ ਜ਼ਿਲ੍ਹਾ (ਡੀ.ਸੀ) ਦਫਤਰ ਕਰਮਚਾਰੀ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ 'ਚ ਸ਼ਾਮਲ ਜਥੇਬੰਦੀਆਂ ਦੁਆਰਾ ਸੂਬਾ ਪੱਧਰੀ ਹੰਗਾਮੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ।
ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਰਾਬਰ ਕੰਮ ਬਰਾਬਰ ਤਨਖਾਹ ਆਦਿ ਵਰਗੇ ਮੁੱਦੇ ਰੱਖੇ ਸਨ ਜਿੰਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਮੰਨ ਕੇ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਤਮਾਮ ਮੁਲਾਜ਼ਮਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੂਆਰਾ ਉਕਤ ਦਿੱਤੀਆਂ ਤਰੀਕਾਂ ਨੂੰ ਹੜਤਾਲ ਤੇ ਝੰਡਾ ਮਾਰਚ ਕੀਤਾ ਜਾਏਗਾ ਜਿਸ 'ਚ ਡੀ.ਸੀ ਦਫਤਰਾਂ ਦੇ ਕਾਮੇ ਸੌ ਫੀਸਦੀ ਸ਼ਮੂਲੀਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਨਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦੇਣਗੇ।