ਚੰਡੀਗੜ੍ਹ, 17 ਅਕਤੂਬਰ 2019 - ਡੀ.ਏ. ਦੀ ਅਦਾਇਗੀ ਅਤੇ ਹੋਰ ਚਿਰ ਸਥਾਈ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਹ ਵਿੱਚ ਆਏ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਕਲਮ ਛੱਡੋ ਹੜਤਾਲ ਕਰ ਦਿੱਤੀ ਹੈ। ਇਹ ਹੜਤਾਲ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਦੇ ਸੱਦੇ ਤੇ ਕੀਤੀ ਗਈ ਹੈ ਜੋ ਕਿ ਸਮੁੱਚੇ ਪੰਜਾਬ ਵਿੱਚ ਜਾਰੀ ਹੈ । ਸਕੱਤਰੇਤ ਦੇ ਮੁਲਾਜ਼ਮਾਂ ਨੇ ਸਵੇਰ ਤੋਂ ਹੀ ਆਪਣੀਆਂ ਹਾਜ਼ਰੀਆਂ ਲਗਾਉਣ ਮਗਰੋਂ ਕੰਮਕਾਰ ਠੱਪ ਰੱਖਿਆ ਹੋਇਆ ਹੈ ।
ਮੰਚ ਦੇ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਜਦ ਤੱਕ ਮੁਲਾਜ਼ਮਾਂ ਦੀ ਮੰਗ ਅਨੁਸਾਰ ਡੀ.ਏ. ਦੀ ਅਦਾਇਗੀ ਅਤੇ ਹੋਰ ਮੰਗਾਂ ਦੀ ਪੂਰਤੀ ਨਹੀਂ ਹੋ ਜਾਂਦੀ, ਉਦੋਂ ਤੱਕ ਸਰਕਾਰ ਖਿਲਾਫ ਅਜਿਹੇ ਐਕਸ਼ਨ ਜਾਰੀ ਰਹਿਣਗੇ । ਉਨ੍ਹਾਂ ਭਲਕੇ 18 ਅਕਤੂਬਰ ਲਈ ਵੀ ਮੁਲਾਜ਼ਮਾਂ ਨੂੰ ਕਲਮ ਛੱਡੋ ਹੜਤਾਲ ਕਰਕੇ ਮੁੱਲਾਂਪੁਰ ਦਾਖਾ ਵਿਖੇ ਹੋ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦਾ ਸੱਦਾ ਦਿੱਤਾ।