ਇਨਸਾਫ ਮੰਗਦੀ ਮਹਿਲਾ ਅਧਿਆਪਕ ਦੀ ਪੁਕਾਰ ਨੂੰ ਕੀਤਾ ਜਾ ਰਿਹਾ ਜਾਣਬੁੱਝ ਕੇ ਅਣਸੁਣਿਆ
ਗੁਰਨਾਮ ਸਿੱਧੂ
ਫਿਰੋਜ਼ਪਰ 17 ਅਕਤੂਬਰ 2019: ਜਿੱਥੇ ਇਕ ਪਾਸੇ ਸਰਕਾਰ ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰ ਰਹੀ ਹੈ ਉਥੇ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਵਲੋਂ ਮਹਿਲਾ ਅਧਿਆਪਕ ਨਾਲ ਕੀਤੇ ਦੁਰਵਿਵਹਾਰ ਦੇ ਮਸਲੇ ਨੂੰ ਜਾਣਬੁੱਝ ਕੇ ਅਣਸੁਣਿਆ ਕਰਨਾ, ਪੰਜਾਬ ਸਰਕਾਰ ਦੀ ਕਰਨੀ ਤੇ ਕਥਨੀ ਵਿਚ ਅੰਤਰ ਦੀ ਤਾਜਾ ਮਿਸਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਦੇ ਕਿਹਾ ਕਿ ਕਿਰਨ ਬੰਗੜ, ਇੰਗਲਿਸ਼ ਮਿਸਟ੍ਰੈਸ, ਜਿਲ੍ਹਾ ਸ.ਭ.ਸ ਨਗਰ ਨੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫਤਹਿਗੜ੍ਹ ਸਾਹਿਬ ਦਿਨੇਸ਼ ਕੁਮਾਰ ਤੇ ਗੰਭੀਰ ਦੋਸ਼ ਲਾਏ ਹਨ, ਜਿਸ ਦੀ ਨਿਰਪੱਖ ਤੇ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਜੋ ਬੇਟੀ ਬਚਾਓ ਬੇਟੀ ਪੜਾਉ ਦਾ ਨਾਅਰਾ ਮਾਰਦੀ ਹੈ ਉਹ ਇਸ ਮਹਿਲਾ ਅਧਿਆਪਕ ਦੀ ਪੁਕਾਰ ਨੂੰ ਜਾਣਬੁੱਝ ਕੇ ਅਣਸੁਣਿਆ ਕਰ ਰਹੀ ਹੈ। ਆਗੂਆਂ ਨੇ ਅੱਗੇ ਕਿਹਾ ਕਿ ਇਕ ਪਾਸੇ ਸਿੱਖਿਆ ਵਿਭਾਗ ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰ ਰਿਹਾ ਹੈ, ਪਰ ਦੂਜੇ ਪਾਸੇ ਇਕ ਪੀੜਤ ਮਹਿਲਾ ਅਧਿਆਪਕ ਨੂੰ ਇਨਸਾਫ ਦੇਣ ਤੋਂ ਭੱਜ ਰਿਹਾ ਹੈ। ਸਿੱਖਿਆ ਮੰਤਰੀ, ਪੰਜਾਬ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਗੰਭੀਰ ਮਸਲੇ ਤੇ ਚੁੱਪੀ ਵੱਟੀ ਹੋਈ ਹੈ, ਜਦਕਿ ਮਹਿਲਾ ਅਧਿਆਪਕ ਵੱਲੋਂ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੂੰ ਇਨਸਾਫ ਕਰਨ ਲਈ ਬੇਨਤੀ ਪੱਤਰ ਵੀ ਭੇਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਕ ਪੀੜਤ ਅਧਿਆਪਕ ਦੇ ਸਨਮਾਨ ਦੀ ਰੱਖਿਆ ਨਹੀਂ ਕਰ ਸਕਦੀ ਫਿਰ ਉਸਨੂੰ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਡਰਾਮਾ ਵੀ ਬੰਦ ਕਰ ਦੇਣਾ ਚਾਹੀਦਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਦੋਸ਼ੀ ਅਧਿਕਾਰੀ ਨੂੰ ਮਿਸਲੀ ਸਜ਼ਾ ਨਾ ਦਿੱਤੀ ਗਈ ਤਾਂ ਯੂਨੀਅਨ ਕਿਰਨ ਬੰਗੜ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੀ ਹੋਵੇਗੀ।