ਮਜੀਠਾ, 17 ਅਕਤੂਬਰ 2019 - ਪੰਜਾਬ ਸਟੇਟ ਮਨੀਸਟਰੀਅਲ ਸਰਵਿਸ ਯੂਨੀਅਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਵੀਰਵਾਰ ਨੂੰ ਪੰਜਾਬ ਭਰ ਵਿੱਚ ਕਈ ਵਿਭਾਗਾਂ ਵਲੋਂ ਕਲਮਛੋੜ ਹੜਤਾਲ ਕੀਤੀ ਗਈ। ਜ਼ਿਲ੍ਹਾ ਅੰਮ੍ਰਿਤਸਰ ਵਿਖੇ ਡੀਸੀ ਆਫਿਸ ਇੰਪਲਾਈਜ ਯੂਨੀਅਨ, ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਡੀਸੀ ਦਫਤਰ, ਸਮੂਹ ਦਫਤਰ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਸਮੂਹ ਸਟਾਫ ਵੱਲੋ ਕਲਮਛੋੜ ਹੜਤਾਲ ਕੀਤੀ ਗਈ। ਇਸ ਮੌਕੇ ਐੱਸਡੀਐੱਮ ਦਫਤਰ ਮਜੀਠਾ, ਤਹਿਸੀਲ ਅਤੇ ਸਬ ਤਹਿਸੀਲ ਮਜੀਠਾ ਦੇ ਸਮੂਹ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵੱਲੋ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਨਾ ਕਰਨ, ਪੇਅ ਕਮਿਸ਼ਨ ਦੀ ਰਿਪੋਰਟ ਵਿਚ ਦੇਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਅਤੇ ਇਸ ਤੋਂ ਇਲਾਵਾ ਮੁਲਾਜਮਾਂ ਦੀਆਂ ਹੱਕੀ ਮੰਨੀਆਂ ਹੋਈਆਂ ਮੰਗਾ ਨਾ ਲਾਗੂ ਕਰਨ ਕਰਕੇ ਅਤੇ ਸਰਕਾਰ ਵੱਲੋ ਮੁਲਾਜਮਾਂ ਪ੍ਰਤੀ ਅੜੀਅਲ ਰਵੱਈਆ ਰੱਖਣ ਕਾਰਨ ਰੋਸ਼ ਵਜੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਕਲਮਛੋੜ ਹੜਤਾਲ ਦੌਰਾਨ ਦਫਤਰਾਂ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਥੇ ਤਹਿਸੀਲ ਦਫਤਰ ਵਿੱਚ ਰਜਿਸਟਰੀ ਅਤੇ ਹੋਰ ਕੰਮ ਕਰਵਾਉਣ ਆਏ ਲੋਕਾਂ ਨੂੰ ਬਿਨ੍ਹਾਂ ਕੰਮ ਕਰਵਾਏ ਵਾਪਸ ਮੁੜਨਾ ਪਿਆ ਉਥੇ ਐਸ.ਡੀ.ਐਮ. ਦਫਤਰ ਵਿੱਚ ਡਰਾਈਵਿੰਗ ਲਾਇਸੰਸ, ਆਰ.ਸੀ. ਅਤੇ ਹੋਰ ਕੰਮ ਵੀ ਮੁਕੰਮਲ ਤੌਰ ਤੇ ਠੱਪ ਰਹੇ। ਇਸ ਮੌਕੇ ਮੇਜਰ ਸਿੰਘ ਰੀਡਰ, ਪਰਮਜੀਤ ਸਿੰਘ ਐਮ.ਟੀ.ਸੀ., ਪਵਨ ਸ਼ਰਮਾ ਰੀਡਰ, ਸੁਖਵਿੰਦਰ ਸਿੰਘ ਓਪਰੇਟਰ, ਹਰਜਿੰਦਰ ਸਿੰਘ ਆਰ.ਸੀ., ਅਮਨਦੀਪ ਸਿੰਘ, ਸੀਮਾ, ਜਸਮੀਤ ਸਿੰਘ ਸਟੈਨੋ, ਮਲਿਕਾ, ਅਰਦੀਪਕ ਸਿੰਘ, ਜੱਗਾ ਸਿੰਘ, ਹਰਪ੍ਰੀਤ ਸਿੰਘ ਓਪਰੇਟਰ ਆਦਿ ਕਰਮਚਾਰੀ ਮੌਜੂਦ ਸਨ।