ਜਗਦੀਸ਼ ਥਿੰਦ
ਅਬੋਹਰ / ਫਾਜ਼ਿਲਕਾ 17 ਅਕਤੂਬਰ : ਕਸ਼ਮੀਰ ਵਿਚ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਕੇ ਮਾਰੇ ਗਏ ਫਲ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਅਬੋਹਰ ਸਥਿਤ ਘਰ ਲੈ ਕੇ ਆਉਣ ਦੀ ਕਾਰਵਾਈ ਜਾਰੀ ਹੈ ।
ਮ੍ਰਿਤਕ ਦੇਹ ਅੱਜ ਹਵਾਈ ਰਸਤੇ ਅੰਮ੍ਰਿਤਸਰ ਪੁੱਜ ਗਈ ਸੀ , ਜਿੱਥੋਂ ਉਸਨੂੰ ਸੜਕ ਰਸਤੇ ਐਂਬੂਲੈਂਸ ਲੈ ਕੇ ਅਬੋਹਰ ਪੁੱਜ ਰਹੀ ਹੈ ।
ਇਸ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਮ੍ਰਿਤਕ ਚਰਨਜੀਤ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਜ਼ਖ਼ਮੀ ਸੰਜੀਵ ਦੇ ਇਲਾਜ ਦੀ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ ।
ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਨੇ ਸਬੰਧੀ ਦੱਸਿਆ ਕਿ ਵਪਾਰ ਲਈ ਗਏ ਕਾਰੋਬਾਰੀ ਦੀ ਹੋਈ ਮੌਤ ਸੰਬੰਧੀ ਪਰਿਵਾਰ ਦੀ ਸਹਾਇਤਾ ਅਤੇ ਜ਼ਖਮੀ ਦੇ ਇਲਾਜ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ।
ਤਹਿਸੀਲਦਾਰ ਅਬੋਹਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮ੍ਰਿਤਕ ਦੇ ਘਰ ਜਾ ਕੇ ਅਫਸੋਸ ਕਰਨ ਦੇ ਨਾਲ ਹੀ ਲਾਸ਼ ਨੂੰ ਵਾਪਸ ਲਿਆਉਣ ਅਤੇ ਅੰਤਿਮ ਸੰਸਕਾਰ ਦੀ ਕਿਰਿਆ ਕਰਨ ਦਾ ਜਾਇਜ਼ਾ ਲੈ ਚੁੱਕੇ ਹਨ ।
ਵਰਨਣਯੋਗ ਹੈ ਕਿ ਫਲ ਵਪਾਰੀ ਚਰਨਜੀਤ ਸਿੰਘ ਕਸ਼ਮੀਰ ਦੇ ਜਿਲ੍ਹਾ ਸ਼ੋਪੀਆ ਅੰਦਰ ਸੇਬ ਦੇ ਵਪਾਰ ਲਈ ਗਿਆ ਸੀ ।
ਉਸ ਦੇ ਨਾਲ ਉਸ ਦਾ ਸਾਥੀ ਸੰਜੀਵ ਵੀ ਸੀ ।
ਬੁੱਧਵਾਰ ਨੂੰ ਅੱਤਵਾਦੀ ਹਮਲੇ ਵਿੱਚ ਚਰਨਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਸੰਜੀਵ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ।
ਇਸ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਿੱਥੇ ਇਸ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਸੀ ,ਉਥੇ ਅਜਿਹੀਆਂ ਘਟਨਾਵਾਂ ਰੋਕਣ ਲਈ ਨੂੰ ਅਪੀਲ ਵੀ ਕੀਤੀ ਸੀ ।
ਨਾਲ ਹੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਲਾਸ਼ ਨੂੰ ਉਹ ਮ੍ਰਿਤਕ ਦੇ ਘਰ ਤੱਕ ਲੈ ਕੇ ਆਉਣ ਦਾ ਪ੍ਰਬੰਧ ਕਰਨਗੇ ।
ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਅਤੇ ਸੰਜੀਵ ਕੁਮਾਰ ਅਬੋਹਰ ਫਾਜ਼ਿਲਕਾ ਖੇਤਰ ਵਿੱਚੋਂ ਕੀਨੂੰ ਅਤੇ ਹੋਰ ਫਲ ਕਸ਼ਮੀਰ ਅਤੇ ਹੋਰ ਰਾਜਾਂ ਨੂੰ ਸਪਲਾਈ ਕਰਨ ਦਾ ਕੰਮ ਕਰਦੇ ਹਨ । ਉਨ੍ਹਾਂ ਰਾਜਾਂ ਵਿੱਚੋਂ ਸੇਬ ਅਤੇ ਹੋਰ ਫਲਾਂ ਨੂੰ ਪੰਜਾਬ ਅੰਦਰ ਲਿਆ ਕੇ ਵੇਚਣ ਦੇ ਕੰਮ ਲੱਗੇ ਹੋਏ ਸਨ । ਮ੍ਰਿਤਕ ਦੇ ਪਰਿਵਾਰ ਲਈ ਕਸ਼ਮੀਰ ਸਰਕਾਰ ਵੱਲੋਂ ਵੀ ਵੀ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਐਲਾਨੀ ਗਈ ਹੈ