ਹਰਦਮ ਮਾਨ
ਸਰੀ, 17 ਅਕਤੂਬਰ 2019 - ਰੀਅਲ ਇਸਟੇਟ ਕੰਪਨੀ “ਰਾਇਲ ਲੀਪੇਜ” ਵੱਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ਵਿੱਚ ਹਰ ਪੰਜ ਘਰਾਂ ਵਿੱਚੋਂ ਇੱਕ ਘਰ ਨਵੇਂ ਆਏ ਲੋਕਾਂ ਦੁਆਰਾ ਖਰੀਦਿਆ ਜਾਂਦਾ ਹੈ। ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਨਵੇਂ ਆਏ ਵਿਅਕਤੀ ਘਰ ਖਰੀਦਣ ਤੋਂ ਪਹਿਲਾਂ ਕੈਨੇਡਾ ਵਿੱਚ ਲਗਭਗ ਤਿੰਨ ਸਾਲ ਬਿਤਾਉਂਦੇ ਹਨ ਅਤੇ ਇਨ੍ਹਾਂ ਵਿੱਚੋਂ 75 ਪ੍ਰਤੀਸ਼ਤ ਲੋਕ ਆਪਣੇ ਨਾਲ ਕੁੱਝ ਪੂੰਜੀ ਲੈ ਕੇ ਆਉਂਦੇ ਹਨ, ਜੋ ਘਰ ਖਰੀਦਣ ਲਈ ਮਦਦਗਾਰ ਬਣਦੀ ਹੈ। ਲੋਕ ਰਾਏ ਪੋਲਿੰਗ ਅਤੇ ਮਾਰਕੀਟ ਰਿਸਰਚ ਕੰਪਨੀ ਲੇਜਰ ਦੁਆਰਾ ਅਗਸਤ ਵਿੱਚ ਆਨਲਾਈਨ ਕੀਤੇ ਗਏ ਇਸ ਸਰਵੇਖਣ ਵਿਚ ਲਗਭਗ 1500 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਪਿਛਲੇ 10 ਸਾਲਾਂ ਦੇ ਅੰਦਰ-ਅੰਦਰ ਕੈਨੇਡਾ ਪਹੁੰਚੇ ਸਨ।
ਰਾਇਲ ਲੀਪੇਜ ਦੇ ਪ੍ਰਧਾਨ ਅਤੇ ਸੀਈਓ ਫਿਲ ਸੋਪਰ ਨੇ ਇਕ ਰੇਡੀਓ ਇੰਟਰਵਿਊ ਵਿੱਚ ਕਿਹਾ ਹੈ ਕਿ ਸਰਵੇਖਣ ਰਾਹੀਂ ਇਹ ਤੱਥ ਸਾਹਮਣੇ ਆਏ ਹਨ ਕਿ ਨਵੇਂ ਆਏ ਵਿਅਕਤੀਆਂ ਦੀ ਗਿਣਤੀ ਕੈਨੇਡਾ ਵਿੱਚ ਘਰ ਖਰੀਦਣ ਵਾਲੇ ਸਾਰੇ ਲੋਕਾਂ ਦੀ ਸੰਖਿਆ ਦਾ 21 ਪ੍ਰਤੀਸ਼ਤ ਬਣਦੀ ਹੈ। ਇਸ ਸੰਖਿਆ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਨਵੇਂ ਆਏ ਲੋਕ ਰੀਅਲ ਇਸਟੇਟ ਦੀ ਮੰਗ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸੋਪਰ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਕੈਨੇਡਾ ਪ੍ਰਵਾਸੀਆਂ ਦਾ ਦੇਸ਼ ਹੈ ਅਤੇ ਕੈਨੇਡਾ ਆਉਣ ਵਾਲੇ ਨਵੇਂ ਲੋਕ ਸਾਡੇ ਆਰਥਿਕ ਵਿਕਾਸ ਦਾ ਇਕ ਮਹੱਤਵਪੂਰਨ ਹਿੱਸਾ ਹਨ। ਅੰਕੜਿਆਂ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਕੈਨੇਡਾ ਦੀ ਰੀਅਲ ਅਸਟੇਟ ਮਾਰਕੀਟ ਲਈ ਇਹ ਕਿੰਨੇ ਮਹੱਤਵਪੂਰਣ ਹਨ।"
ਰਾਇਲ ਲੀਪੇਜ ਦਾ ਅਨੁਮਾਨ ਹੈ ਕਿ ਜੇ ਮੌਜੂਦਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਪੱਧਰ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਅਗਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਵੱਲੋਂ 680,000 ਘਰ ਖਰੀਦਣ ਦੀ ਉਮੀਦ ਹੈ।