ਮੁੱਲਾਂਪੁਰ ਦਾਖਾ, 17 ਅਕਤੂਬਰ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਅੱਜ ਹਲਕਾ ਦਾਖਾ 'ਚ ਪਹੁੰਚੇ ਅਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਦਾ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਮੁੱਲਾਂਪੁਰ ਦਾਖਾ 'ਚ ਵਿਰੋਧ ਕੀਤਾ ਗਿਆ। ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਸੜਕ ਦੇ ਕੰਢੇ ਖੜ੍ਹ ਕੇ ਕੈਪਟਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੇ ਬੈਨਰ ਆਪਣੇ ਹੱਥਾਂ 'ਚ ਫੜ੍ਹ ਕੇ ਦਿਖਾਏ ਗਏ। ਵਰਕਰਾਂ ਵੱਲੋਂ ਕੈਪਟਨ ਨੂੰ ਨਸ਼ਾ ਮੁਕਤ ਪੰਜਾਬ, ਘਰ-ਘਰ ਨੌਕਰੀ, ਸਮਾਰਟ ਫੋਨ, ਬੇਅਦਬੀ ਦਾ ਇਨਸਾਫ ਅਤੇ ਹੋਰ ਪ੍ਰਮੁੱਖ ਵਾਅਦਿਆਂ ਦੇ ਬੈਨਰ ਦਿਖਾ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।