← ਪਿਛੇ ਪਰਤੋ
ਚੰਡੀਗੜ, 16 ਅਕਤੂਬਰ, 2019 : ਚੰਡੀਗੜ ਦੀ ਇਕ ਮੈਰਿਜ ਬਿਊਰੋ ਕੰਪਨੀ 'ਵੈਡਿੰਗ ਵਿਸ਼ਿਜ਼' ਨੂੰ ਇਕ ਡਾਕਟਰ ਦੇ ਵਿਆਹ ਵਾਸਤੇ 'ਲਾੜਾ' ਲੱਭ ਕੇ ਦੇਣ ਦਾ ਕਰਾਰ ਮਹਿੰਗਾ ਪੈ ਗਿਆ ਹੈ। ਇਸ ਕੰਮ ਵਿਚ ਕੰਪਨੀ ਦੇ ਅਸਫਲ ਰਹਿਣ ਮਗਰੋਂ ਡਾਕਟਰ ਦੇ ਪਰਿਵਾਰ ਵੱਲੋਂ ਕੀਤੇ ਕੇਸ 'ਤੇ ਫੈਸਲਾ ਦਿੰਦਿਆਂ ਜ਼ਿਲਾ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਨੇ ਇਸ ਕੰਪਨੀ ਨੂੰ ਪਰਿਵਾਰ ਦੇ 50 ਹਜ਼ਾਰ ਰੁਪਏ 9 ਫੀਸਦੀ ਵਿਆਹ ਸਮੇਤ ਮੋੜਨ ਅਤੇ ਇਸ ਤੋਂ ਇਲਾਵਾ ਕੇਸ 'ਤੇ ਆਏ ਖਰਚ ਦਾ 12000 ਰੁਪਏ ਵੱਖਰੇ ਤੌਰ 'ਤੇ ਦੇਣ ਦਾ ਹੁਕਮ ਦਿੱਤਾ ਹੈ। ਮੁਹਾਲੀ ਦੇ ਸੁਰਿੰਦਰਪਾਲ ਸਿੰਘ ਚਹਿਲ ਨੇ ਫੋਰਮ ਵਿਚ ਕੇਸ ਕਰ ਕੇ ਦੋਸ਼ ਲਾਇਆ ਸੀ ਕਿ ਵੈਡਿੰਗ ਵਿਸ਼ਿਜ਼ ਨੇ ਉਹਨਾਂ ਵੱਲੋਂ ਅਖ਼ਬਾਰ ਵਿਚ ਦਿੱਤੇ ਇਸ਼ਤਿਹਾਰ ਨੂੰ ਵੇਖ ਕੇ ਉਹਨਾਂ ਨਾਲ ਸੰਪਰਕ ਕੀਤਾ ਤੇ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਵਿਚ ਸੇਵਾ ਨਿਭਾ ਰਹੀ ਉਹਨਾਂ ਦੀ ਧੀ ਵਾਸਤੇ ਰਿਸ਼ਤੇ ਦੇ ਵਾਅਦਾ ਕੀਤਾ। ਡਾਕਟਰ ਦੀ ਚੰਡੀਗੜ ਦੇ ਨੇੜੇ ਤੇੜੇ ਪੇਸ਼ੇ ਵਜੋਂ ਡਾਕਟਰ ਤੇ ਜੱਟ ਸਿੱਖ ਪਰਿਵਾਰ ਤੋਂ ਲਾੜਾ ਲੱਭਣ ਦੀ ਇੱਛਾ ਦੇ ਮੁਤਾਬਕ ਕੀਤੇ ਇਕਰਾਰ ਵਜੋਂ ਕੰਪਨੀ ਨੇ 50 ਹਜ਼ਾਰ ਰੁਪਏ ਡਾਕਟਰ ਤੋਂ ਲੈ ਲਏ ਤੇ 9 ਮਹੀਨਿਆਂ ਅੰਦਰ ਲਾੜਾ ਲੱਭਣ ਦਾ ਵਾਅਦਾ ਕੀਤਾ। ਜਦੋਂ ਕੰਪਨੀ ਵੱਲੋਂ ਭੇਜੇ ਵੱਖ ਵੱਖ ਰਿਸ਼ਤੇ ਕੀਤੇ ਇਕਰਾਰ ਅਨੁਸਾਰ ਨਾ ਨਿਕਲੇ ਤਾਂ ਡਾਕਟਰ ਤੇ ਉਸਦੇ ਪਰਿਵਾਰ ਨੇ ਕੰਪਨੀ ਨਾਲ ਸਮਝੌਤਾ ਰੱਦ ਕਰ ਕੇ ਪੈਸੇ ਵਾਪਸ ਮੰਗੇ। ਕੰਪਨੀ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਲਾੜਾ ਲੱਭਣ ਦਾ ਭਰੋਸਾ ਨਹੀਂ ਦੁਆਇਆ ਸੀ ਬਲਕਿ ਸਿਰਫ ਲੜਕੀ ਦੀ ਪ੍ਰੋਫਾਈਲ ਅਪਲੋਡ ਕਰਨ ਦੇ ਪੈਸੇ ਲਏ ਹਨ। ਸ਼ਿਕਾਇਤ ਨਿਵਾਰਣ ਫੋਰਮ ਨੇ ਆਪਣੇ ਫੈਸਲੇ ਵਿਚ ਆਖਿਆ ਕਿ ਕੰਪਨੀ ਆਪਣੇ ਕੰਮ ਨੂੰ ਪ੍ਰੋਫੈਸ਼ਨਲ ਢੰਗ ਨਾਲ ਕਰਨ ਵਿਚ ਅਸਫਲ ਰਹੀ ਹੈ ਤੇ ਉਸਨੇ ਜ਼ੁਰਮਾਨਾ ਲਗਾ ਦਿੱਤਾ।
Total Responses : 257