ਗੁਰਨਾਮ ਸਿੱਧੂ
ਫਿਰੋਜ਼ਪੁਰ, 18 ਅਕਤੂਬਰ 2019 - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜਿਹੜਾ ਸ਼੍ਰੀ ਗੁਰੂ ਰਾਮ ਦਾਸ ਪੁਰੀ ਅਰਮਾਨਪੁਰਾ ਆਸਲ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਬਾਬਾ ਭਗਤ ਮਿਲਖਾ ਸਿੰਘ ਦੀ ਦੇਖ ਰੇਖ ਹੇਠ ਆਰੰਭ ਹੋਇਆ। ਇਥੋਂ ਆਰੰਭ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜਿਆ। ਇਸ ਵਿਸ਼ਾਲ ਅਤੇ ਮਹਾਨ ਨਗਰ ਕੀਰਤਨ ਵਿਚ ਸੰਤ ਸਮਾਜ ਨੇ ਵਿਸ਼ੇਸ਼ ਤੌਰ ਤੇ ਸਾਰਾ ਦਿਨ ਹਾਜ਼ਰੀ ਭਰੀ।
ਜਿਹਨਾਂ ਵਿੱਚ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਪੰਥ ਦਲ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸੰਤ ਬਾਬਾ ਬਲਵੀਰ ਸਿੰਘ ਸੀਚੇ ਵਾਲੇ, ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ ਵਾਲੇ, ਬਾਬਾ ਹਰੀ ਸਿੰਘ ਜ਼ੀਰੇ ਵਾਲੇ, ਸੰਤ ਬਾਬਾ ਬੋਹੜ ਸਿੰਘ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤ, ਸੰਤ ਬਾਬਾ ਸੁੱਚਾ ਸਿੰਘ ਗੁਰਦੁਆਰਾ ਬਾਠ ਨਾਨਕ ਸਰ ਛਾਂਗਾ ਖੁਰਦ, ਸੰਤ ਬਾਬਾ ਦਰਸ਼ਨ ਸਿੰਘ ਢਾਬਸਰ ਬੋਰੀ ਵਾਲੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਤ ਮਹਾਂ ਪੁਰਸ਼ ਹਾਜ਼ਰ ਹੋਏ। ਇਸ ਮੌਕੇ ਤੇ ਰਾਗੀ ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਮਧੁਰ ਬਾਣੀ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਹ ਵਿਸ਼ਾਲ ਅਤੇ ਮਹਾਨ ਨਗਰ ਕੀਰਤਨ ਜੋ ਬਾਬਾ ਭਗਤ ਮਿਲਖਾ ਸਿੰਘ ਜੀ ਦੀ ਦੇਖ ਰੇਖ ਹੇਠ ਆਰੰਭ ਹੋਇਆ ਸੀ ਗੁਰੂ ਰਾਮ ਦਾਸ ਪਬਲਿਕ ਸਕੂਲ, ਸ਼ਾਹਦੀਨ ਵਾਲਾ ਰੋਡ ਤੋਂ ਸਾਂਦੇ ਹਾਸ਼ਮ, ਸ਼ੇਰਖਾਂ, ਜ਼ੀਰਾ ਰੋਡ ਤੋਂ ਲੈ ਕੇ ਮੇਨ ਚੋਂਕ ਜ਼ੀਰਾ, ਮੱਖੂ, ਲੋਹੀਆਂ ਦੇ ਰਸਤੇ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਪਹੁੰਚਿਆ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਵਿਚ ਬਹੁਤ ਸੋਹਣੇ ਸਵਾਗਤੀ ਗੇਟ ਸਜਾਏ ਗਏ ਸਨ ਅਤੇ ਥਾਂ ਥਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਖੀਰ, ਫਰੂਟ ਪਕੌੜਿਆ ਮਠਿਆਈਆਂ, ਪ੍ਰਸ਼ਾਦਿਆਂ ਦੇ ਲੰਗਰ ਲਗਾਏ ਗਏ ਸਨ। ਇਸ ਮੌਕੇ ਤੇ ਬਾਬਾ ਭਗਤ ਮਿਲਖਾ ਸਿੰਘ ਨੇ ਸਮੂਹ ਸੰਤ ਸਮਾਜ ਦਾ ਧੰਨਵਾਦ ਕੀਤਾ, ਉਥੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਰਾ ਦਿਨ ਨਗਰ ਕੀਰਤਨ ਵਿਚ ਆਪਣੀ ਹਾਜ਼ਰੀ ਲੁਆਈ।