ਰਜਨੀਸ਼ ਸਰੀਨ
ਨਵਾਂਸ਼ਹਿਰ, 14 ਅਕਤੂਬਰ 2019 - 65ਵੀਆਂ ਜ਼ਿਲ੍ਹਾ ਸਕੂਲ ਖੇਡਾਂ (ਪ੍ਰਾਇਮਰੀ) ਸ਼ਹੀਦ ਭਗਤ ਸਿੰਘ ਨਗਰ ਦੀ ਅੱਜ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਾਹਮਾ ਵਿਖੇ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਇਸ ਮੌਕੇ ਖੇਡ ਝੰਡਾ ਲਹਿਰਾਉਣ ਤੋਂ ਇਲਾਵਾ ਸਮੂਹ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ।
ਸ਼੍ਰੀ ਅੰਗਦ ਸਿੰਘ ਨੇ ਇਸ ਮੌਕੇ ਇਨ੍ਹਾਂ ਨਿੱਕੇ ਨਿੱਕੇ ਖਿਡਾਰੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਕੱਲ੍ਹ ਨੂੰ ਇਨ੍ਹਾਂ ’ਚੋਂ ਹੀ ਕਈ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ ਅਤੇ ਆਪਣੇ ਪਰਿਵਾਰ ਲਈ ਮਾਣ ਹਾਸਲ ਕਰਨਗੇ। ਉਨ੍ਹਾਂ ਨੇ ਸਿਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਸਕੂਲ ਖੇਡਾਂ ਦੀ ਰਵਾਇਤ ਨੂੰ ਖੇਡ ਪਨੀਰੀ ਤਿਆਰ ਕਰਨ ਲਈ ਵਧੀਆ ਮੌਕਾ ਕਰਾਰ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਨਿੱਕੇ ਹੁੰਦੇ ਤੋਂ ਜਿਸ ਤਰ੍ਹਾਂ ਦੀ ਚੇਟਕ ਲਾਈ ਜਾਵੇਗੀ, ਉਹ ਉਸੇ ਪਾਸੇ ਨੂੰ ਤੁਰ ਪੈਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਦਾ ਜੋ ਹਾਲ ਹੋਇਆ ਹੈ, ਉਸ ਵਿੱਚ ਸੁਧਾਰ ਲਿਆਉਣ ਲਈ ਬੱਚਿਆਂ ਦਾ ਖੇਡਾਂ ਵਿੱਚ ਰੁਝਾਨ ਪੈਦਾ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ (ਐਲੀਮੈਂਟਰੀ) ਸਤਿੰਦਰਵੀਰ ਸਿੰਘ ਨੇ ਵਿਧਾਇਕ ਅੰਗਦ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਇਨ੍ਹਾਂ ਬੱਚਿਆਂ ਦਾ ਹੌਸਲਾ ਵਧਿਆ ਹੈ ਅਤੇ ਇਹ ਵਿਦਿਆਰਥੀ ਜ਼ਿਲ੍ਹੇ ਤੋਂ ਬਾਅਦ ਸੂਬਾਈ ਮੁਕਾਬਲਿਆਂ ’ਚ ਵੀ ਨਾਮਣਾ ਖੱਟਣਗੇ। ਬਾਅਦ ਵਿੱਚ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।
ਅੱਜ ਕਰਵਾਏ ਗਏ ਖੇਡ ਮੁਕਾਬਿਲਆਂ ’ਚ ਨੈਸ਼ਨਲ ਸਟਾਇਲ ਕਬੱਡੀ ’ਚ ਸੜੋਆ ਨੇ ਨਵਾਂਸ਼ਹਿਰ ਨੂੰ ਹਰਾਇਆ, ਪੰਜਾਬ ਸਟਾਇਲ ਕਬੱਡੀ ’ਚ ਨਵਾਂਸ਼ਹਿਰ ਦੀ ਟੀਮ ਜੇਤੂ ਰਹੀ। ਖੋ-ਖੋ ਦੇ ਸੈਮੀਫਾਇਨਲ ’ਚ ਸੜੋਆ ਨੇ ਜਿੱਤ ਹਾਸਿਲ ਕੀਤੀ। ਬੈਡਮਿੰਟਨ ’ਚ ਨਵਾਂਸ਼ਹਿਰ ਨੇ ਬੰਗਾ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਯੋਗਾ ’ਚ ਸੜੋਆ ਨੇ ਨਵਾਂਸ਼ਹਿਰ ਨੂੰ ਪਛਾੜਿਆ। ਸ਼ਤਰੰਜ ’ਚ ਮੁਕੰਦਪੁਰ ਨੇ ਸੜੋਆ ਨੂੰ ਹਰਾਇਆ। ਕਰਾਟੇ ’ਚ ਮੁਕੰਦਪੁਰ ਨੇ ਔੜ ਨੂੰ ਹਰਾਇਆ।
ਇਸ ਮੌਕੇ ਸਰਪੰਚ ਪਰਵਿੰਦਰ ਕੌਰ, ਮੈਂਬਰ ਬਲਾਕ ਸੰਮਤੀ ਸੁਖਵਿੰਦਰ ਕੌਰ, ਸਤਨਾਮ ਸਿੰਘ, ਅਮਰੀਕ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ, ਹਰਵਿੰਦਰ ਸਿੰਘ, ਮਨਜੀਤ ਲਾਲ ਤੇ ਫ਼ਤਿਹ ਸਿੰਘ ਤੋ ਇਲਾਵਾ ਉੱਪ ਜ਼ਿਲ੍ਹਾ ਸਿਖਿਆ ਅਫ਼ਸਰ ਛੋਟੂ ਰਾਮ, ਡੀ.ਪੀ.ਓਜ਼., ਰਾਮ ਲਾਲ, ਗੁਰਦਿਆਲ ਮਾਨ, ਅਸ਼ਵਨੀ ਕੁਮਾਰ, ਤਿਲਕ ਰਾਜ, ਰਮਨ ਕੁਮਾਰ, ਸੰਦੀਪ ਰਾਣਾ, ਸੋਹਣ ਲਾਲ ਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ।