ਲੋਕੇਸ਼ ਰਿਸ਼ੀ
ਗੁਰਦਾਸਪੁਰ, 18 ਅਕਤੂਬਰ 2019 - ਡੇਰਾ ਬਾਬਾ ਨਾਨਕ ਪ੍ਰਸ਼ਾਸਨ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਅਤੇ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਹੋਣ ਵਾਲੇ ਧਾਰਮਿਕ ਸਮਾਗਮਾਂ ਨੂੰ ਧਿਆਨ 'ਚ ਰੱਖਦਿਆਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਕਾਰਨ 01 ਤੋਂ 15 ਨਵੰਬਰ ਤੱਕ ਡੇਰਾ ਬਾਬਾ ਨਾਨਕ ਦੇ ਅੰਦਰ ਬਾਹਰੀ ਵਾਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇਸ ਦੇ ਨਾਲ ਹੀ ਇਸ ਇਲਾਕੇ ਵਿਖੇ ਲੰਗਰ ਜਾਂ ਚਕਿਤਸਾ ਕੈਂਪ ਲਾਉਣ ਤੋਂ ਪਹਿਲਾਂ ਉਸ ਸੰਸਥਾ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਲੈਣੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਐੱਸ.ਡੀ.ਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਜੀਤ ਸਿੰਘ ਢਿੱਲੋਂ ਵੱਲੋਂ ਬਾਕਾਇਦਾ ਇੱਕ ਪੱਤਰਕਾਰ ਵਾਰਤਾ ਕੀਤੀ ਗਈ, ਜਿਸ ਵਿੱਚ ਸਾਰੇ ਪ੍ਰਬੰਧਾਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਫ਼ਿਲਹਾਲ ਇਹ ਸਾਰੇ ਪ੍ਰਬੰਧ 01 ਨਵੰਬਰ ਤੋਂ 15 ਨਵੰਬਰ ਤੱਕ ਲਈ ਹੀ ਕੀਤੇ ਗਏ ਹਨ, ਪਰ ਲੋੜ ਪੈਣ ਤੇ ਇਨ੍ਹਾਂ ਪ੍ਰਬੰਧਾਂ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐਮ ਢਿੱਲੋਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰੀ ਸੰਖਿਆ ਵਿੱਚ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸ਼ਰਧਾਲੂਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ 01 ਤੋਂ 15 ਨਵੰਬਰ ਤੱਕ ਪੂਰੇ ਡੇਰਾ ਬਾਬਾ ਨਾਨਕ ਅੰਦਰ ਕਿਸੇ ਵੀ ਬਾਹਰੀ ਵਾਹਨ ਦੀ ਐਂਟਰੀ 'ਤੇ ਬੈਨ ਲਾਇਆ ਗਿਆ ਹੈ। ਹਾਲਾਂ ਕਿ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਲਈ ਵੱਖ ਵੱਖ ਪਾਰਕਿੰਗ ਏਰੀਆ ਵੀ ਬਣਾਏ ਗਏ ਹਨ ਅਤੇ ਸ਼ਰਧਾਲੂ ਆਪਣੇ ਵਾਹਨ ਪਾਰਕ ਕਰਨ ਮਗਰੋਂ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਵਾਹਨਾਂ ਰਾਹੀਂ ਇਲਾਕੇ ਦੇ ਵੱਖ ਵੱਖ ਹਿੱਸਿਆਂ ਵਿਖੇ ਜਾ ਸਕਣਗੇ। ਇਹ ਸੁਵਿਧਾ ਬਿਲਕੁਲ ਮੁਫ਼ਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ਨੂੰ ਕੁੱਲ 8 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਸੈਕਟਰ (ਕਾਰੀਡੋਰ ਟਰਮੀਨਲ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ) ਨੂੰ ਨੋ ਪਾਰਕਿੰਗ ਜ਼ੋਨ ਮੁਕੱਰਰ ਕੀਤਾ ਗਿਆ ਹੈ। ਪਰ ਇਸ ਦੇ ਨਾਲ ਹੀ ਬਾਕੀ ਦੇ 6 ਜ਼ੋਨ ਜਿਨ੍ਹਾਂ ਵਿੱਚ ਜਿਵੇਂ ਬਟਾਲਾ ਰੋਡ, ਗੁਰਦਾਸਪੁਰ ਰੋਡ ਅਤੇ ਰਮਦਾਸ ਰੋਡ ਸਮੇਤ ਵੱਖ ਵੱਖ ਸੜਕਾਂ ਤੇ ਪਾਰਕਿੰਗ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਤਾਂ ਜੋ ਬਾਹਰੋਂ ਆਉਣ ਵਾਲੇ ਸ਼ਰਧਾਲੂ ਆਪਣੇ ਵਾਹਨਾਂ ਨੂੰ ਇੱਥੇ ਪਾਰਕ ਕਰ ਸਕਣ। ਸ਼ਰਧਾਲੂਆਂ ਨੂੰ ਇੱਕ ਤੋਂ ਦੂਜੀ ਜਗ੍ਹਾ ਜਾਣ ਲਈ ਪ੍ਰਸ਼ਾਸਨ ਵੱਲੋਂ ਤੈਅ ਕੀਤੀਆਂ ਗਈਆਂ ਮਿੰਨੀ ਬੱਸਾਂ ਦੀ ਵਰਤੋਂ ਕਰਨੀ ਪਵੇਗੀ ਅਤੇ ਇਹ ਸੇਵਾ ਬਿਲਕੁਲ ਮੁਫ਼ਤ ਹੋਵੇਗੀ। ਇਸ ਦੌਰਾਨ ਪੱਤਰਕਾਰਾਂ ਦੀ ਸੁਵਿਧਾ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਵਾਹਨ ਪਾਸ ਜਾਰੀ ਕੀਤੇ ਜਾਣਗੇ, ਤਾਂ ਜੋ ਉਹ ਆਪਣੇ ਵਾਹਨਾਂ ਦਾ ਉਪਯੋਗ ਕਰਦੇ ਹੋਏ ਸ਼ਹਿਰ ਵਿਖੇ ਆ ਜਾ ਸਕਣਗੇ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਨ੍ਹਾਂ ਪਾਸੋਂ ਅਧਾਰ ਕਾਰਡ ਸਮੇਤ ਇੱਕ ਫਾਰਮ ਭਰਵਾ ਕੇ ਉਨ੍ਹਾਂ ਨੂੰ ਵੀ ਵਾਹਨ ਪਾਸ ਜਾਰੀ ਕੀਤੇ ਜਾਣਗੇ।
ਐੱਸ.ਡੀ.ਐਮ ਢਿੱਲੋਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਠਹਿਰਨ ਲਈ ਟੈਂਟ ਸਿਟੀ ਅਤੇ ਸਕੂਲਾਂ ਸਮੇਤ ਹੋਰ ਵੱਖ ਵੱਖ ਇਮਾਰਤਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਇਹਨਾਂ ਥਾਂਵਾਂ ਤੇ ਭੋਜਨ, ਸ਼ੌਚ, ਸਿਹਤ ਅਤੇ ਸੁਰੱਖਿਆ ਦੇ ਨਾਲ ਨਾਲ ਹੋਰ ਵੱਖ ਵੱਖ ਸਹੂਲਤਾਂ ਦਾ ਮੁਕੰਮਲ ਪ੍ਰਬੰਧ ਕਰ ਲਿਆ ਗਿਆ ਹੈ।
ਇਸ ਦੌਰਾਨ ਐੱਸ.ਡੀ.ਐਮ ਢਿੱਲੋਂ ਨੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਬੰਧੀ ਜ਼ਰੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਡੇਰਾ ਬਾਬਾ ਨਾਨਕ ਵਿਖੇ ਜੋ ਵੀ ਧਾਰਮਿਕ ਜਾਂ ਸਮਾਜਿਕ ਸੰਸਥਾ ਲੰਗਰ ਜਾਂ ਚਕਿਤਸਾ ਆਦਿ ਦਾ ਕੈਂਪ ਲਾਉਣਾ ਚਾਹੇਗੀ। ਉਹ ਇੱਕ ਵਿਸ਼ੇਸ਼ ਫਾਰਮ ਭਰਨ ਮਗਰੋਂ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਜਗ੍ਹਾ ਤੇ ਹੀ ਆਪਣਾ ਕੈਂਪ ਜਾਂ ਲੰਗਰ ਲਗਾ ਸਕਣਗੇ ਅਤੇ ਇਸ ਤੋਂ ਬਿਨਾ ਕਿਸੇ ਨੂੰ ਵੀ ਇਲਾਕੇ ਵਿਖੇ ਕੈਂਪ ਜਾਂ ਲੰਗਰ ਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਬਾਹਰੋਂ ਆਉਣ ਵਾਲੇ ਲੰਗਰ ਨੂੰ ਲੈਬ ਵਿੱਚ ਟੈੱਸਟ ਕਰਵਾਉਣ ਮਗਰੋਂ ਹੀ ਸ਼ਰਧਾਲੂਆਂ ਵਿੱਚ ਵੰਡਿਆ ਜਾ ਸਕੇਗਾ।
ਡੇਰਾ ਬਾਬਾ ਨਾਨਕ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਐੱਸ.ਡੀ.ਐਮ ਢਿੱਲੋਂ ਨੇ ਦੱਸਿਆ ਕਿ ਇਸ ਪੂਰੇ ਸਮੇਂ ਦੌਰਾਨ ਪੰਜਾਬ ਪੁਲਿਸ ਦੇ 5 ਹਜ਼ਾਰ ਜਵਾਨ ਤਾਇਨਾਤ ਰਹਿਣਗੇ ਅਤੇ ਇਹਨਾਂ ਤੋਂ ਇਲਾਵਾ ਬੀ.ਐੱਸ.ਐਫ ਦੇ ਜਵਾਨ ਵੀ ਯਾਤਰੂਆਂ ਦੀ ਸੁਰੱਖਿਆ ਵਿੱਚ ਹਾਜ਼ਰ ਰਹਿਣਗੇ।