ਰਜਨੀਸ਼ ਸਰੀਨ
ਨਵਾਂਸ਼ਹਿਰ, 18 ਅਕਤੂਬਰ 2019 - ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਪੈਂਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪੋ-ਆਪਣੇ ਖੇਤਰਾਂ ਦੇ ਪਿੰਡਾਂ ਵਿੱਚ ਸਵੇਰੇ ਜਾਗਰੂਕਤਾ ਰੈਲੀਆਂ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਗਿਆ।
ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਸਤਿੰਦਰਬੀਰ ਸਿੰਘ ਜਿਨ੍ਹਾਂ ਖੁਦ ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਵੱਲੋਂ ਕੱਢੀ ਇਸ ਚੇਤਨਾ ਰੈਲੀ ਦੀ ਅਗਵਾਈ ਕੀਤੀ ਨੇ ਦੱਸਿਆ ਕਿ ਪਰਾਲੀ ਨਾ ਸਾੜਨ ਦੀ ਮੁਹਿੰਮ ਨੂੰ ਪੂਰਨ ਸਫ਼ਲ ਬਣਾਉਣ ਲਈ ਜਾਗਰੂਕਤਾ ਸਭ ਤੋਂ ਅਹਿਮ ਹਥਿਆਰ ਹੈ ਅਤੇ ਸਕੂਲੀ ਬੱਚੇ ਇਸ ਲਈ ਸਭ ਤੋਂ ਕਾਰਗਰ ਸਾਬਤ ਹੋ ਸਕਦੇ ਹਨ, ਕਿਉਂ ਕਿ ਉਨ੍ਹਾਂ ’ਚੋਂ ਬਹੁਤਿਆਂ ਦੇ ਪਰਿਵਾਰ ਕਿਰਸਾਨੀ ਕਿੱਤੇ ਨਾਲ ਜੁੜੇ ਹੋਏ ਹਨ।
ਉਨ੍ਹਾ ਦੱਸਿਆ ਕਿ ਅੱਜ ਬੱਚਿਆਂ ਵੱਲੋਂ ਹੱਥਾਂ ’ਚ ਚੁੱਕੀਆਂ ਤਖ਼ਤੀਆਂ ’ਤੇ ਲਿਖੇ ਵੰਨ-ਸੁਵੰਨੇ ਸੰਦੇਸ਼ ਇਕੱਲੇ ਪਰਾਲੀ ਨੂੰ ਸਾੜਨ ਤੋਂ ਰੋਕਣ ਦਾ ਹੀ ਨਹੀਂ ਬਲਕਿ ਪਲਾਸਟਿਕ ਤੋਂ ਮੁਕਤੀ ਦਾ ਸੁਨੇਹਾ ਵੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਪਰਾਲੀ ਸਾੜਨ ਨਾਲ ਹੁੰਦੇ ਧਰਤੀ ਦੇ ਖੁਰਾਕੀ ਤੱਤਾਂ ਦੇ ਨੁਕਸਾਨ ਅਤੇ ਵਾਤਾਵਰਣ ਵਿੱਚ ਫੈਲਦੀਆਂ ਗੰਧਲੀਆਂ ਗੈਸਾਂ ਬਾਰੇ ਵੀ ਦੱਸਿਆ ਗਿਆ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਇਸ ਦੇ ਨੁਕਸਾਨ ਬਾਰੇ ਦੱਸ ਕੇ ਅੱਗ ਨਾ ਲਾਉਣ ਲਈ ਪ੍ਰੇਰਿਤ ਕਰ ਸਕਣ।
ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਹਰਚਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਾਈ ਅਤੇ ਸੈਕੰਡਰੀ ਸਕੂਲਾਂ ’ਚ ਵੀ ਅਜਿਹੇ ਚੇਤਨਾ ਮਾਰਚ ਕਰਕੇ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਨਵਬੰਰ ਮਹੀਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇਾ 550ਵੇਂ ਪ੍ਰਕਾਸ਼ ਪੁਰਬ ਦੇ ਆਗਮਨ ਵਾਲਾ ਹੋਣ ਕਾਰਨ, ਸਾਨੂੰ ਆਪਣੇ ਆਲੇ-ਦੁਆਲ ’ਚ ਗੁਰੂ ਸਾਹਿਬ ਦੇ ਪੌਣ, ਪਾਣੀ ਅਤੇ ਧਰਤੀ ਨੂੰ ਸਾਫ਼ ਰੱਖਣ ਦੇ ਦਿੱਤੇ ਸੰਦੇਸ਼ ਨੂੰ ਜ਼ਮੀਨੀ ਤੌਰ ’ਤੇ ਲਾਗੂ ਕਰਨ ਲਈ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।
ਸਰਕਾਰੀ ਹਾਈ ਸਕੂਲ ਰੱਕੜਾਂ ਦੇ ਮੁੱਖ ਅਧਿਆਪਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਲੀਤ ਹੁੰਦੇ ਵਾਤਾਵਰਨ ਦਾ ਸਭ ਤੋਂ ਵੱਡਾ ਖਮਿਆਜ਼ਾ ਇਨ੍ਹਾਂ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਭੁਗਤਨਾ ਪੈਂਦਾ ਹੈ, ਇਸੇ ਲਈ ਪੇਂਡੂ ਖੇਤਰਾਂ ਦੇ ਸਾਰੇ ਸਕੂਲਾਂ ਦੇ ਬੱਚੇ ਜਾਗਰੂਕਤਾ ਮੁਹਿੰਮ ’ਚ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਮਨਾਉਣ ਤੋਂ ਇਲਾਵਾ ਖੁਦ ਦੀਵਾਲੀ ਮੌਕੇਂ ਪਟਾਕੇ ਨਾ ਚਲਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।