ਚੌਧਰੀ ਮਨਸੂਰ ਘਨੋਕੇ
ਕਾਦੀਆਂ, 18 ਅਕਤੂਬਰ 2019 - ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਤਿੰਨ ਦਿਨਾਂ ਤੱਕ ਚੱਲਣ ਵਾਲੇ ਕੌਮੀ ਸਮਾਰੋਹ ਅੱਜ ਕਾਦੀਆਂ ਚ ਸ਼ੁਰੂ ਹੋ ਗਏ ਹਨ। ਮਜਲਿਸ ਅੰਸਾਰ-ਉਲ੍ਹਾ ਭਾਰਤ, ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ, ਇਤਫ਼ਾਲ ਉਲ ਅਹਿਮਦੀਆ ਭਾਰਤ, ਲਜਨਾ ਇਮਾਉਲਾਹ ਭਾਰਤ ਅਤੇ ਨਾਸਰਾਤ ਜਿਹੜੀ ਅਹਿਮਦੀਆ ਜਮਾਤ ਦੀ ਵੱਖ-ਵੱਖ ਉਮਰਾਂ ਤੇ ਆਧਾਰਿਤ ਸੰਸਥਾਂਵਾ ਹਨ ਉਨ੍ਹਾਂ ਦੇ ਸਮਾਰੋਹ ਨਮਾਜ਼ ਤਹਾਜੁੱਦ ਦੇ ਨਾਲ ਸ਼ੁਰੂ ਹੋ ਗਏ। ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੌਰੀ ਨੇ ਮਜ਼ਾਰ ਮੁਬਾਰਕ ਹਜ਼ਰਤ ਮਸੀਹ ਮਾਊਦ ਅਲੈਹਸਲਾਮ (ਸੰਸਥਾਪਕ ਅਹਿਮਦੀਆ ਜਮਾਤ) ਤੇ ਦੁਆ ਕਰਵਾਈ। ਜਿਸ ਵਿੱਚ ਵਡੀ ਤਾਦਾਦ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਨ੍ਹਾਂ ਸਮਾਰੋਹਾਂ 'ਚ ਸ਼ਾਮਿਲ ਹੋਣ ਲਈ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ, ਦਿਲੀ, ਰਾਜਸਥਾਨ, ਉੜੀਸਾ, ਆਂਧਰਾ, ਬੰਗਾਲ, ਗੁਜਰਾਤ, ਯੁਪੀ, ਮਧ ਪ੍ਰਦੇਸ, ਆਸਾਮ, ਤਮਿਲਨਾਡੂ, ਬਿਹਾਰ ਸਮੇਤ ਅਨੇਕ ਰਾਜਾਂ ਤੋਂ ਅਹਿਮਦੀ ਭਾਈਚਾਰੇ ਦੇ ਲੋਕ ਕਾਦੀਆਂ ਪਹੁੰਚੇ ਹਨ। ਮਜਲਿਸ ਅੰਸਾਰ ਉਲਾਹ ਦੇ ਕੌਮੀ ਪ੍ਰਧਾਨ ਮੋਲਾਨਾ ਜ਼ੈਨਉਦੀਨ ਹਾਮਿਦ ਨੇ ਉਦਘਾਟੀ ਸਮਾਰੋਹ ਮੌਕੇ ਬੋਲਦਿਆਂ ਕਿਹਾ ਕਿ ਇਨ੍ਹਾਂ ਸਮਾਰੋਹਾਂ ਦਾ ਮਕਸਦ ਆਪਸੀ ਪਿਆਰ, ਮੁਹਬੱਤ ਅਤੇ ਭਾਈਚਾਰਕ ਸਾਂਝ ਵਧਾਉਣਾ ਹੈ। ਇਸ ਮੌਕੇ ਤੇ ਇਸਲਾਮ ਦੀ ਸਿੱਖਿਆਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਨੇ ਆਪਣੇ ਸੰਬੋਧਣ 'ਚ ਕਿਹਾ ਕਿ ਕੌਮਾਂ ਦਾ ਸੁਧਾਰ ਨੌਜਵਾਨਾਂ ਦੇ ਸੁਧਾਰ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਮਾਤੇ ਅਹਿਮਦੀਆ ਦੇ ਦੂਜੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਬਸ਼ੀਰ ਉਦੀਨ ਮਹਿਮੂਦ ਅਹਿਮਦ ਨੇ ਜਮਾਤੇ ਅਹਿਮਾਦੀਆਂ ਦੇ ਲੋਕਾਂ ਦੀ ਉਮਰਾਂ ਦੇ ਹਿਸਾਬ ਨਾਲ ਵੱਖ ਵੱਖ ਸੰਸਥਾਂਵਾ ਦਾ ਗਠਨ ਕੀਤਾ। ਤਾਂਕਿ ਉਨ੍ਹਾਂ 'ਚ ਚੰਗੇ ਸੰਸਕਾਰ ਪੈਦਾ ਕਰਨ 'ਚ ਮਦਦ ਮਿਲ ਸਕੇ। ਅਤੇ ਉਹ ਇਸਲਾਮ ਦੀਆਂ ਅਸਲ ਸਿੱਖਿਆਵਾਂ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਮਜਲਿਸ ਖ਼ੁਦਾਮ ਉਲ ਅਹਿਮਦੀਆ ਪੂਰਾ ਸਾਲ ਦੁਨਿਆ ਭਰ 'ਚ ਲੋਕ ਭਲਾਈ ਦੇ ਕੰਮ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਲਈ ਕਰਦੀ ਹੈ। ਇਨ੍ਹਾਂ ਸਮਾਰੋਹਾਂ ਮੌਕੇ ਖੇਡਾਂ, ਧਾਰਮਿਕ ਪ੍ਰੋਗਰਾਮਾਂ ਅਤੇ ਮੁਸ਼ਾਇਰੇ ਦਾ ਵੀ ਆਯੋਜਨ ਕੀਤਾ ਗਿਆ ਹੈ। ਦੇਸ਼ ਭਰ ਤੋਂ ਆਏ ਮਹਿਮਾਨਾਂ ਦੇ ਠਹਿਰਾਉਣ ਅਤੇ ਖਾਣ ਪੀਣ ਦਾ ਮੁਫ਼ਤ ਇੰਤਜ਼ਾਮ ਅਹਿਮਦੀਆ ਜਮਾਤ ਵਲੋਂ ਕੀਤਾ ਗਿਆ ਹੈ। ਸਮਾਪਨ ਸਮਾਰੋਹ 20 ਅਕਤੂਬਰ ਨੂੰ ਹੋਵੇਗਾ। ਇਸ ਮੌਕੇ ਤੇ ਦੇਸ਼ ਭਰ ਤੋਂ ਉਚ-ਸਥਾਨ ਪ੍ਰਾਪਤ ਕਰਨ ਵਾਲੀ ਮਜਲਿਸਾਂ ਨੂੰ ਸਨਮਾਨਿਤ ਕੀਤਾ ਜਾਵੇਗਾ।