ਰਜਨੀਸ਼ ਸਰੀਨ
ਨਵਾਂ ਸ਼ਹਿਰ, 18 ਅਕਤੂਬਰ - ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਵਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਤਿੰਨ ਰੋਜਾ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਜੇ.ਐਸ.ਐਫ.ਐਚ.ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਰੋਡ, ਨਵਾਂ ਸ਼ਹਿਰ ਦੀ ਗਰਾਊਂਡ ਵਿਖੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਗਈ । ਇਨ੍ਹਾਂ ਸਮਾਗਮਾਂ ਲਈ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਇਟੀ ਨੂੰ ਜਿੱਥੇ ਇਲਾਕੇ ਭਰ ਦੀਆਂ ਗੁਰਦੁਆਰਾ ਕਮੇਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਪੂਰਨ ਸਹਿਯੋਗ ਦੇ ਰਹੀਆਂ ਹਨ, ਉੱਥੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਵਲੋਂ ਵੀ ਬੜਾ ਵੱਡਾ ਉਤਸ਼ਾਹ ਵਿਖਾਇਆ ਜਾ ਰਿਹਾ ਹੈ, ਜਿਸ ਕਾਰਨ ਇਹ ਸ਼ਤਾਬਦੀ ਸਮਾਗਮ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰਕ ਸਾਂਝ ਦੀ ਮਿਸਾਲ ਬਣੀ ਪ੍ਰਤੀਤ ਹੁੰਦੀ ਹੈ ।
ਇਸ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਦੇ ਪਹਿਲੇ ਦਿਨ ਭਾਈ ਕੁਲਵੀਰ ਸਿੰਘ ਜੀ ਫਾਜਿਲਕਾ ਵਾਲਿਆਂ ਦੇ ਪ੍ਰਸਿੱਧ ਕੀਰਤਨੀ ਜਥੇ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਉਪਰੰਤ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜਥੇ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ । ਉਨ੍ਹਾਂ ਤੋਂ ਉਪਰੰਤ ਪ੍ਰਸਿੱਧ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਜੀ ਮਖੂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਸਬੰਧੀ ਵਿਸਥਾਰ ਪੂਰਵਕ ਵਿਚਾਰ-ਚਰਚਾ ਕੀਤੀ । ਪਹਿਲੇ ਦਿਨ ਦੇ ਇਸ ਮਹਾਨ ਕੀਰਤਨ ਦਰਬਾਰ ਦੇ ਅੰਤ ਵਿੱਚ ਜਗਾਧਰੀ ਵਾਲੀਆਂ ਬੀਬੀਆਂ ਦੇ ਮੀਰੀ ਪੀਰੀ ਇੰਟਰਨੈਸ਼ਨਲ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।
ਇਸ ਮੌਕੇ ਵੱਖ-ਵੱਖ ਪੰਥਕ ਸ਼ਖਸ਼ੀਅਤਾਂ ਨੂੰ ਪੰਜ ਪਿਆਰਿਆਂ ਵਲੋਂ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੀ ਤਰਫੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ । । ਇਸ ਤੋਂ ਇਲਾਵਾ ਇਨ੍ਹਾਂ ਸਮਾਗਮਾਂ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ 10 ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ, 2 ਲੋੜਵੰਦਾਂ ਨੂੰ ਟ੍ਰਾਈ-ਸਾਈਕਲ , 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ 11 ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ ਅਤੇ ਤੇਰਾ ਤੇਰਾ ਸਟਾਲ ਤੋਂ ਲੋੜਵੰਦਾਂ ਨੂੰ ਘਰੇਲੂ ਵਰਤੋਂ ਯੋਗ ਕੱਪੜੇ ਅਤੇ ਹੋਰ ਸਾਮਾਨ ਭੇਂਟ ਕੀਤਾ ਗਿਆ । ਇਸ ਮੌਕੇ ਆਈਵੀ ਹਸਪਤਾਲ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਅਤੇ ਦਵਾਈਆਂ, ਬੀ.ਡੀ.ਸੀ.ਨਵਾਂ ਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਅਤੇ ਖੂਨ ਜਾਂਚ ਕੈਂਪ, ਸ਼੍ਰੀ ਰਾਜਨ ਅਰੋੜਾ ਦੀ ਅਗਵਾਈ ਵਿੱਚ ਸਮਾਜਿਕ ਜਥੇਬੰਦੀਆਂ ਵਲੋਂ ਵਾਤਾਵਰਣ ਸੰਭਾਲ ਸਟਾਲ ਅਤੇ ਆਯੁਰਵੈਦਿਕ ਕੈਂਪ ਤੋਂ ਇਲਾਵਾ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਸਵਾਗਤੀ ਕਮੇਟੀ ਸਟਾਲ, ਪੁੱਛ-ਗਿੱਛ ਕਾਊਂਟਰ, ਸਮਾਜ ਭਲਾਈ ਸੇਵਾਵਾਂ ਸਟਾਲ, ਧਾਰਮਿਕ ਸਾਹਿਤ ਸਟਾਲ, ਹੱਟ ਬਾਬੇ ਨਾਨਕ ਦਾ ਸਟਾਲ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਇਨਸਾਫ ਸਭਨਾਂ ਲਈ ਆਦਿ ਸਟਾਲ ਲਗਾਏ ਗਏ ।
ਨਗਰ ਕੌਂਸਲ ਨਵਾਂ ਸ਼ਹਿਰ ਵਲੋਂ ਪ੍ਰਧਾਨ ਸ਼੍ਰੀ ਲਲਿਤ ਮੋਹਨ ਪਾਠਕ ਦੀ ਅਗਵਾਈ ਵਿੱਚ ਪੂਰੇ ਸ਼ਹਿਰ ਵਿੱਚ ਲਾਈਟਾਂ ਲਗਾ ਕੇ ਦੀਪਮਾਲਾ ਕੀਤੀ ਗਈ ਅਤੇ ਪੂਰੇ ਸ਼ਹਿਰ ਨੂੰ ਸਜਾਇਆ ਗਿਆ । ਸਮਾਗਮ ਦੇ ਦੌਰਾਨ ਟਰਾਂਪੋਰਟਰ ਵੀਰਾਂ, ਸਕੂਲ ਮੈਨੇਜਮੈਂਟਾਂ ਅਤੇ ਹੋਰ ਸੰਸਥਾਵਾਂ ਵਲੋਂ ਸੰਗਤਾਂ ਨੂੰ ਸਮਾਗਮਾਂ ਵਿੱਚ ਲਿਆਉਣ ਦੀ ਮੁਫਤ ਸੇਵਾ ਕੀਤੀ ਗਈ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।