ਦਾਖਾ, 18 ਅਕਤੂਬਰ 2019 - ਦਾਖਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੁਆਰਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਾਲਿਆਂ ਨੂੰ ਧਮਕਾਉਣ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ।
ਕੈਪਟਨ ਸੰਧੂ ਨੇ ਮਜੀਠੀਆ ਨੂੰ ਕਿਹਾ ਕਿ ਤੁਹਾਡੀਆਂ ਧਮਕੀਆਂ ਹੁਣ ਆਪਣਾ ਅਸਰ ਗਵਾ ਚੁਕੀਆਂ ਹਨ ਜਿਨ੍ਹਾਂ ਨਾਲ ਤੁਸੀਂ ਪੁਲਿਸ ਅਤੇ ਹੋਰ ਸਿਵਲ ਅਧਿਕਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਸੀ। ਉਨ੍ਹਾਂ ਮਜੀਠੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਜੀਠੀਆ ਨੂੰ ਇਸ ਗੱਲ ਨੂੰ ਸਵੀਕਾਰ ਕਰਨਾ ਪਵੇਗਾ ਕਿ ਉਹ ਸਰਕਾਰ ਵਿੱਚ ਨਹੀਂ ਹਨ ਅਤੇ ਕਾਂਗਰਸ ਸਰਕਾਰ ਵਿੱਚ ਅਫ਼ਸਰਾਂ ਨੂੰ ਡਰਾਉਣ ਵਾਲੀ ਰਣਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮਜੀਠੀਆ ਦੁਆਰਾ ਇੱਥੋਂ ਦੇ ਇੱਕ ਪੁਲਿਸ ਥਾਣੇ ਵਿੱਚ ਜਬਰਦਸਤੀ ਦਾਖਲ ਹੋਣ ਦੀ ਨਿੰਦਾ ਕਰਦੇ ਹੋਏ ਕੈਪਟਨ ਸੰਧੂ ਨੇ ਕਿਹਾ ਕਿ ਇਹ ਸਪੱਸ਼ਟ ਰੂਪ ਵਿੱਚ ਗੁੰਡਾਗਰਦੀ ਦਾ ਸਬੂਤ ਹੈ, ਜਿਸ ਦਾ ਮਕਸਦ ਪੁਲਿਸ ਅਧਿਕਾਰੀਆਂ ਨੂੰ ਧਮਕਾਉਣਾ ਅਤੇ ਉਨ੍ਹਾਂ ਤੇ ਦਬਾਅ ਬਣਾਉਣਾ ਸੀ, ਜੋ ਕਿ ਕਾਨੂੰਨ ਦੇ ਅਨੁਸਾਰ ਆਪਣੇ ਕਰਤਵ ਦੀ ਪਾਲਣਾ ਕਰ ਰਹੇ ਸਨ।
ਸੰਧੂ ਨੇ ਅੱਗੇ ਕਿਹਾ ਕਿ ਮੈਂ ਮਜੀਠੀਆ ਦੀ ਹਤਾਸ਼ਾ ਅਤੇ ਨਿਰਾਸ਼ਾ ਨੂੰ ਸਮਝਦਾ ਹਾਂ ਕਿਉਂਕਿ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਪਹਿਲਾਂ ਹੀ ਖਿਸਕ ਚੁੱਕੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਤੇ ਆਪਣੀ ਭੜਾਸ ਕੱਢਣ। ਉਨ੍ਹਾਂ ਨੇ ਅਕਾਲੀ ਨੇਤਾ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸਿਆਸੀ ਅਤੇ ਚੋਣਾਂ ਦੀਆਂ ਲੜਾਈਆਂ ਸਿਆਸੀ ਅਤੇ ਚੋਣਾਂ ਦੇ ਰੂਪ ਵਿੱਚ ਹੀ ਲੜੀਆਂ ਜਾਣ ਨਾ ਕਿ ਧਮਕੀਆਂ ਅਤੇ ਗੁੰਡਾਗਰਦੀ ਨਾਲ।
ਕਾਂਗਰਸ ਉਮੀਦਵਾਰ ਨੇ ਅਧਿਕਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਮੈਂ ਸੱਤਾਧਾਰੀ ਦਲ ਦੇ ਇੱਕ ਮੈਂਬਰ ਦੇ ਰੂਪ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਕਿਸੇ ਨੂੰ ਵੀ ਤੁਹਾਨੂੰ ਕੋਈ ਨੁਕਸਾਨ ਪਹੁੰਚਾਣ ਜਾ ਡਰਾਉਣ ਧਮਕਾਉਂਣ ਦੀ ਆਗਿਆ ਨਹੀਂ ਦੇਵਾਂਗਾ।
ਕੈਪਟਨ ਸੰਧੂ ਨੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੰਮ ਵਿੱਚ ਰੁਕਾਵਟਾਂ ਪਾਉਣ ਲਈ ਮਨਪ੍ਰੀਤ ਸਿੰਘ ਇਆਲੀ ਦੀ ਵੀ ਆਲੋਚਨਾ ਕੀਤੀ। ਇਆਲੀ ਦੁਆਰਾ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਜਾ ਰਹੇ ਇੱਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਇੱਕ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਰੋਕ ਰਿਹਾ ਹੈ। ਸੰਧੂ ਨੇ ਅੱਗੇ ਕਿਹਾ ਕਿ ਚੋਣਾਂ ਅਪਰਾਧੀਆਂ ਨੂੰ ਕੋਈ ਰਾਹਤ ਪ੍ਰਦਾਨ ਨਹੀਂ ਕਰਦੀਆਂ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਆਖਿਰਕਾਰ ਇਯਾਲੀ ਆਮ ਵੋਟਰਾਂ ਦੀ ਬਜਾਏ ਆਪਣੇ ਅਪਰਾਧੀ ਸਮਰਥਕਾਂ ਅਤੇ ਗੈਰ ਸਮਾਜਿਕ ਤੱਤਾਂ ਦੀ ਪੁਸ਼ਤਪਨਾਹੀ ਕਿਉਂ ਕਰ ਰਿਹਾ ਹੈ।