ਚੱਕ ਸ਼ੇਰੇਵਾਲਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਨ ਮੌਕੇ ਸੁਖਬੀਰ ਸਿੰਘ ਬਾਦਲ ,ਨਾਲ ਮੌਜੂਦ ਹਨ ਜਨਮੇਜਾ ਸਿੰਘ ਸੇਖੋਂ ,ਵਰਦੇਵ ਸਿੰਘ ਨੋਨੀ ਮਾਨ , ਬੌਬੀ ਮਾਨ , ਐਡਵੋਕੇਟ ਗੁਰਸੇਵਕ ਸਿੰਘ ਮਾਨ ਅਤੇ ਹੋਰ ਆਗੂ
ਜਗਦੀਸ਼ ਥਿੰਦ
ਜਲਾਲਾਬਾਦ 19 ਅਕਤੂਬਰ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਉਮੀਦਵਾਰ ਰਾਜ ਸਿੰਘ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੁੰਦਿਆਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਚਾਹੇ ਜੋ ਵੀ ਹੱਥਕੰਡੇ ਅਪਣਾ ਲਵੇ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੀ ਹੋਵੇਗੀ ।
ਸੁਖਬੀਰ ਸਿੰਘ ਬਾਦਲ ਵੱਲੋਂ ਚੱਕ ਸੁਹੇਲੇ ਵਾਲਾ ,
ਰੋੜਾਂਵਾਲਾ ਅਰਨੀਵਾਲਾ ਖੇਤਰਾਂ ਵਿੱਚ ਕੀਤੀਆਂ ਜਨਤਕ ਰੈਲੀਆਂ ਵਿੱਚ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਹਲਕੇ ਦੇ ਇੱਕ ਇੱਕ ਵੋਟਰ ਵੱਲੋਂ ਪਿਛਲੇ ਸਮੇਂ ਵਿੱਚ ਮਿਲੇ ਅਸ਼ੀਰਵਾਦ ਕਾਰਨ ਉਨ੍ਹਾਂ ਦੇ ਅਹਿਸਾਨਮੰਦ ਹਨ ।
ਉਨ੍ਹਾਂ ਅੱਜ ਸਪੱਸ਼ਟ ਐਲਾਨ ਕੀਤਾ ਕਿ ਚਾਹੇ ਸੱਤਾਧਾਰੀ ਕਾਂਗਰਸ ਪਾਰਟੀ ਜੋ ਵੀ ਹੱਥਕੰਡੇ ਅਪਣਾ ਲਵੇ ਪਰ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੀ ਹੋਵੇਗੀ ।
ਇਸ ਹਲਕੇ ਦੇ ਵੱਖ -ਵੱਖ ਪਿੰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿਚ ਵੱਡੇ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸੂਬੇ ਦੀ ਨਿੱਘਰ ਰਹੀ ਹਾਲਤ ਲਈ ਪੂਰੀ ਤਰ੍ਹਾਂ ਮੁੱਖ ਮੰਤਰੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਪ੍ਰਸਾਸ਼ਨ ਨਾਂ ਦੀ ਕੋਈ ਸ਼ੈਅ ਨਹੀਂ ਹੈ। ਗੈਰਕਾਨੂੰਨੀ ਧੰਦੇ, ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਵਧਦੀ ਜਾ ਰਹੀ ਹੈ।ਇਹੀ ਵਜ੍ਹਾ ਹੈ ਕਿ ਵਿਸ਼ਵ ਬੈਂਕ ਦੀ ਕਾਰੋਬਾਰ ਕਰਨ ਦੀ ਸੌਖ ਕੈਟਾਗਰੀ ਵਿਚ ਪੰਜਾਬ ਪਹਿਲੀਆਂ ਪੁਜ਼ੀਸ਼ਨਾਂ ਤੋ ਖਿਸਕ ਕੇ 20ਵੇਂ ਸਥਾਨ ਉੱਤੇ ਪਹੁੰਚ ਚੁੱਕਿਆ ਹੈ ਅਤੇ ਹੁਣ ਨੀਤੀ ਆਯੋਗ ਦੀ ਇਨੋਵੇਸ਼ਨ ਸੂਚੀ ਵੀ ਇਹ ਖਿਸਕ ਕੇ 11ਵੇਂ ਸਥਾਨ ਉੱਤੇ ਆ ਗਿਆ ਹੈ।
ਇਹ ਕਹਿੰਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਪੰਜਾਬ ਲਈ ਕੋਈ ਉਮੀਦ ਨਹੀਂ ਬਚੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਆਪਣੇ ਹੀ ਸੰਸਾਰ ਅੰਦਰ ਬੰਦ ਰਹਿੰਦਾ ਹੈ। ਉਹ ਤਾਂ ਆਪਣੇ ਮੰਤਰੀਆਂ ਅਤੇ ਸਲਾਹਕਾਰਾਂ ਨੂੰ ਵੀ ਨਹੀਂ ਮਿਲਦਾ। ਪਿਛਲੀ ਦਿਨੀ ਤੁਸੀਂ ਇਹ ਸਭ ਵੇਖਿਆ ਹੀ ਹੈ। ਉਹਨਾਂ ਕਿਹਾ ਕਿ ਆਮ ਲੋਕ ਜਾਣਦੇ ਹਨ ਕਿ ਕੈਪਟਨ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੈ, ਇਸੇ ਕਰਕੇ ਉਹਨਾਂ ਨੇ ਕੱਲ੍ਹ ਕੈਪਟਨ ਦੇ ਰੋਡ ਸ਼ੋਅ ਦਾ ਬਾਈਕਾਟ ਕਰ ਦਿੱਤਾ ਸੀ। ਜਦੋਂ ਮੁੱਖ ਮੰਤਰੀ ਨੂੰ ਮਿਲਣ ਲਈ ਕੋਈ ਨਾ ਆਇਆ ਤਾਂ ਉਸ ਦੇ ਸੁਰੱਖਿਆ ਕਾਫ਼ਲੇ ਨੇ ਪੁਲਿਸ ਕਰਮੀਆਂ ਕੋਲੋਂ ਕੈਪਟਨ ਦੇ ਕਾਫ਼ਲੇ ਉੱਤੇ ਫੁੱਲ ਸੁੱਟਵਾਏ।
ਇਹ ਟਿੱਪਣੀ ਕਰਦਿਆਂ ਕਿ ਲੋਕਾਂ ਨੇ ਮੁੱਖ ਮੰਤਰੀ ਨੂੰ ਸਬਕ ਸਿਖਾ ਦਿੱਤਾ ਹੈ ਅਤੇ ਉਹ ਖਾਲੀ ਸੜਕਾਂ ਵੱਲ ਹੱਥ ਹਿਲਾਉਂਦਾ ਰਹਿ ਗਿਆ । ਹੀ ਸਬਕ ਕਾਂਗਰਸੀ ਉਮੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਦੇ ਝਾਂਸੇ ਵਿਚ ਨਾ ਆਉਣ। ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਚੁੱਕੇ ਆਪਣੇ ਬੌਸ ਕੈਪਟਨ ਅਮਰਿੰਦਰ ਵਾਂਗ, ਕਾਂਗਰਸੀ ਉਮੀਦਵਾਰ ਵੀ ਇਸ ਹਲਕੇ ਅੰਦਰ ਫੈਕਟਰੀਆਂ ਲਾਉਣ ਦੇ ਵਾਅਦੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਰਪਾ ਕਰਕੇ ਉਸ ਨੂੰ ਇਹ ਪੁੱਛੋ ਕਿ ਉਸ ਨੇ ਗੁਰੂਹਰਸਹਾਇ ਵਿਚ ਕੀ ਕੀਤਾ ਹੈ, ਜਿੱਥੇ ਨਾਲ ਉਹ ਜੁੜਿਆ ਹੋਣ ਦਾ ਦਾਅਵਾ ਕਰਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਸਮੇਂ ਜਲਾਲਾਬਾਦ ਦਾ ਵਿਕਾਸ ਹੋਇਆ ਸੀ। ਉੁਹਨਾਂ ਕਿਹਾ ਕਿ ਵਾਟਰ ਵਰਕਸ ਉੱਤੇ 350ਕਰੋੜ ਰੁਪਏ ਤੋਂ ਵੱਧ ਖਰਚੇ ਗਏ ਸਨ। ਸੀਵਰੇਜ ਸਿਸਟਮ ਅਤੇ ਗਲੀਆਂ ਪੱਕੀਆਂ ਕਰਨ ਉੱਤੇ 800 ਕਰੋੜ ਰੁਪਏ ਤੋਂ ਵੱਧ ਖਰਚੇ ਗਏ ਸਨ। ਹਲਕੇ ਅੰਦਰ ਸਕੂਲ ਅਤੇ ਕਾਲਜ ਬਣਵਾਏ ਗਏ ਸਨ। ਇਸ ਦੇ ਉਲਟ ਕਾਂਗਰਸ ਸਰਕਾਰ ਬਣਨ ਮਗਰੋਂ ਜਲਾਲਾਬਾਦ ਅੰਦਰ ਇੱਕ ਇੱਟ ਵੀ ਨਹੀਂ ਲਗਾਈ ਗਈ।ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਹਨ ਅਤੇ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ਵਾਪਸ ਮੰਗਵਾ ਲਈਆਂ ਹਨ।
ਸਰਦਾਰ ਬਾਦਲ ਨੇ ਲੋਕਾਂ ਨੂੰ ਡਾਕਟਰ ਰਾਜ ਸਿੰਘ ਡਿੱਬੀਪੁਰਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹਾ ਕਰਕੇ 2022 ਵਿਚ ਅਕਾਲੀ-ਭਾਜਪਾ ਸਰਕਾਰ ਬਣਾਉਣ ਦਾ ਨੀਂਹ ਪੱਥਰ ਰੱਖ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ , ਵਰਦੇਵ ਸਿੰਘ ਨੋਨੀ ਮਾਨ , ਸਤਿੰਦਰਜੀਤ ਸਿੰਘ ਮੰਟਾ , ਨਰਦੇਵ ਸਿੰਘ ਬੌਬੀ ਮਾਨ , ਕੰਵਰਜੀਤ ਸਿੰਘ ਰੋਜ਼ੀ ਬਰਕੰਦੀ , ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ ,ਦਵਿੰਦਰ ਸਿੰਘ ਬਬਲ , ਸ਼ਿਵ ਤ੍ਰਿਪਾਲ ਕੇ , ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ , ਹਰਜਿੰਦਰ ਸਿੰਘ ਗੁਰੂ , ਗੁਰਪ੍ਰੀਤ ਸਿੰਘ ਲੱਖੋ ਕੇ , ਮੇਜਰ ਸਿੰਘ ਸੋਢੀ ਵਾਲਾ , ਜਸਪ੍ਰੀਤ ਸਿੰਘ ਮਾਨ , ਪਰਮਬੰਸ ਸਿੰਘ ਰੋਮਾਣਾ , ਸੁਰਿੰਦਰਪਾਲ ਸਿੰਘ ਪੋਪਾ , ਗੁਰਪਾਲ ਸਿੰਘ ਗਰੇਵਾਲ , ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।