ਗੁਰਨਾਮ ਸਿੱਧੂ
ਫਿਰੋਜ਼ਪੁਰ 19 ਅਕਤੂਬਰ 2019: ਕਸਬਾ ਜ਼ੀਰਾ ਅਧੀਨ ਆਉਂਦੇ ਪਿੰਡ ਸ਼ਾਹ ਅਬੂ ਬੁੱਕਰ ਵਿਖੇ ਬੀਤੇ ਦਿਨ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਇਕ ਵਿਅਕਤੀ ਉਪਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿਚ ਸਦਰ ਜ਼ੀਰਾ ਪੁਲਿਸ ਦੇ ਵਲੋਂ ਕਰੀਬ 9 ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਥਾਣਾ ਸਦਰ ਜ਼ੀਰਾ ਨੂੰ ਦਿੱਤੇ ਬਿਆਨਾਂ ਵਿਚ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ਾਹ ਅਬੂ ਬੁੱਕਰ ਨੇ ਦੋਸ਼ ਲਗਾਇਆ ਕਿ ਕਰੀਬ 2-3 ਸਾਲ ਪਹਿਲੋਂ ਮੁੱਦਈ ਹੋਰਾਂ ਦਾ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ, ਬੋਹੜ ਸਿੰਘ, ਪ੍ਰਕਾਸ਼ ਸਿੰਘ, ਜੋਗਿੰਦਰ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਬਿੱਟੂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇੰਦਰਜੀਤ ਸਿੰਘ ਦੇ ਮੁਤਾਬਿਕ ਝਗੜੇ ਦਾ ਉਨ੍ਹਾਂ ਦੀ ਪਿੰਡ ਦੀ ਪੰਚਾਇਤ ਨੇ ਰਾਜੀਨਾਮਾ ਵੀ ਕਰਵਾ ਦਿੱਤਾ ਸੀ। ਇੰਦਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆ ਹੋਇਆ ਹਮਮਸ਼ਵਰਾ ਹੋ ਕੇ ਬੀਤੇ ਦਿਨ ਮੁੱਦਈ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ (58) 'ਤੇ ਮਾਰੂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਮੁੱਦਈ ਦਾ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਦੌਰਾਨ ਇਲਾਜ਼ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਕਾਸ਼ਦੀਪ ਸਿੰਘ ਪੁੱਤਰ ਨਰਿੰਦਰ ਸਿੰਘ, ਮਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਅਮਰੀਕ ਸਿੰਘ ਪੁੱਤਰ ਦਿਆਲ ਸਿੰਘ, ਬੋਹੜ ਸਿੰਘ ਪੁੱਤਰ ਜੰਗਾ ਸਿੰਘ, ਪ੍ਰਕਾਸ਼ ਸਿੰਘ ਪੁੱਤਰ ਜੰਗਾ ਸਿੰਘ, ਜੋਗਿੰਦਰ ਸਿੰਘ ਪੁੱਤਰ ਜੰਗਾ ਸਿੰਘ, ਨਰਿੰਦਰ ਸਿੰਘ ਪੁੱਤਰ ਜੰਗਾ ਸਿੰਘ, ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਬਿੱਟੂ ਪੁੱਤਰ ਜੋਗਿੰਦਰ ਸਿੰਘ ਵਾਸੀਅਨ ਅਬੂ ਸ਼ਾਹ ਬੁੱਕਰ ਦੇ ਵਿਰੁੱਧ 302, 323, 324, 148, 149 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।