ਇੱਕੋ ਦਿਨ ’ਚ ਕੀਤੇ ਗਏ ਚਾਰ ਕਿਸਾਨਾਂ ਦੇ ਚਲਾਨ
ਵੀਰਵਾਰ ਤੇ ਸ਼ੁੱਕਰਵਾਰ ਪਰਾਲੀ ਜਾਲਣ ਦਾ ਕੋਈ ਕੇਸ ਸਾਹਮਣੇ ਨਾ ਆਇਆ
ਨਵਾਂਸ਼ਹਿਰ, 19 ਅਕਤੂਬਰ 2019: ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀਆਂ ਅਪੀਲਾਂ ਕਰਨ ਅਤੇ ਜਾਗਰੂਕ ਮੁਹਿੰਮਾਂ ਰਾਹੀਂ ਸੁਚੇਤ ਕਰਨ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਉਲੰਘਣਾ ਕਰਨ ਵਾਲੇ ਖੇਤ ਮਾਲਕਾਂ ਖ਼ਿਲਾਫ਼ ਸਖ਼ਤੀ ਦੇ ਰੌਂਅ ’ਚ ਆ ਗਿਆ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ ਇਸ ਸੀਜ਼ਨ ਦੇ ਪਹਿਲੇ ਚਾਰ ਚਲਾਨ ਕਰਦਿਆਂ, ਉਲੰਘਣਾ ਕਰਨ ਵਾਲਿਆਂ ਨੂੰ ਨਰਮੀ ਦੇ ਨਾਲ-ਨਾਲ ਸਖ਼ਤੀ ਦਾ ਸੁਨੇਹਾ ਵੀ ਦੇ ਦਿੱਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਹੁਣ ਤੱਕ ਅਪੀਲਾਂ ਅਤੇ ਜਾਗਰੂਕਤਾ ਤੇ ਮਾਧਿਅਮ ਰਾਹੀਂ ਹੀ ਪਰਾਲੀ ਨਾ ਸਾੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਕੁੱਝ ਕਿਸਾਨਾਂ ਵੱਲੋਂ ਜਾਣ-ਬੁੱਝ ਕੇ ਪਰਾਲੀ ਸਾੜਨ ’ਤੇ ਲਾਈ ਗਈ ਪਾਬੰਦੀ ਦੀ ਉਲੰਘਣਾ ਕਰਨ ’ਤੇ ਕਾਰਵਾਈ ਆਰੰਭ ਦਿੱਤੀ ਹੈ, ਜਿਸ ਤਹਿਤ ਬੰਗਾ ਸਬ ਡਵੀਜ਼ਨ ਦੇ ਚਾਰ ਕਿਸਾਨਾਂ ਨੂੰ 25-2500 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 50 ਫ਼ੀਸਦੀ ਤੋਂ 80 ਫ਼ੀਸਦੀ ਸਬਸਿਡੀ ’ਤੇ ਕਿਸਾਨਾਂ ਨੂੰ ਹਾਲ ਹੀ ਵਿੱਚ 129 ਪਰਾਲੀ ਪ੍ਰਬੰਧਨ ਮਸ਼ੀਨਾਂ 56 ਲੱਖ ਰੁਪਏ ਤੋਂ ਵਧੇਰੇ ਦੀ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ ਪਿਛਲੇ ਸਾਲ ਦੌਰਾਨ ਵੀ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ 1.25 ਕਰੋੜ ਰੁਪਏ ਦੀ ਸਬਸਿਡੀ ’ਤੇ ਜ਼ਿਲ੍ਹੇ ’ਚ 196 ਖੇਤੀ ਮਸ਼ੀਨਾਂ ਦਿੱਤੀਆਂ ਗਈਆਂ ਸਨ ਜਿਨਾਂ ਵਿੱਚ 30 ਹੈਪੀਸੀਡਰ, 13 ਪੈਡੀ ਸਟਰਾਅ ਚੌਪਰ, 4 ਮਲਚਰ, 19 ਆਰ ਐਮ ਬੀ ਪਲੋਅ, 7 ਜ਼ੀਰੋ ਟਿਲ ਡਿ੍ਰਲ, 113 ਸੁਪਰ ਐਸ ਐਮ ਐਸ ਤੇ 10 ਰੋਟਾਵੇਟਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀ ਕਾਹਲ ਕਰਨਾ ਵਾਤਾਵਰਣ ਅਤੇ ਮਾਨਵੀ ਜ਼ਿੰਦਗੀਆਂ ਨੂੰ ਦਾਅ ’ਤੇ ਲਾਉਣਾ, ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਜਿਨ੍ਹਾਂ ਚਾਰ ਕਿਸਾਨਾਂ ਦੇ ਚਲਾਨ ਕਰਕੇ 25-2500 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ, ਉਨ੍ਹਾਂ ’ਚ ਗੁਰਨੇਕ ਸਿੰਘ ਪਿੰਡ ਹੀਓਂ, ਮਹਿੰਦਰ ਸਿੰਘ ਪਿੰਡ ਮਾਹਿਲ ਗਹਿਲਾਂ, ਸਤਨਾਮ ਸਿੰਘ ਪਿੰਡ ਬੈਂਸ ਅਤੇ ਅਮਨਜੀਤ ਸਿੰਘ ਪਿੰਡ ਬੈਂਸ ਸ਼ਾਮਿਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹਾਲ ਹੀ ਵਿੱਚ ਪਰਾਲੀ ਦੇ ਨਿਪਟਾਰੇ ਲਈ ਇੱਕ ਨਵਾਂ ਖੇਤੀ ਸੰਦ ‘ਸੁਪਰ ਸੀਡਰ’ ਵੀ 50 ਫ਼ੀਸਦੀ ’ਤੇ ਦੇਣਾ ਪ੍ਰਵਾਨ ਕੀਤਾ ਗਿਆ ਹੈ, ਜਿਸ ਲਈ ਆਖਰੀ ਮਿਤੀ 19 ਅਕਤੂਬਰ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਪਰਾਲੀ ਨੂੰ ਖੇਤ ’ਚ ਹੀ ਵਾਹੁੰਦੇ ਹੋਏ ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।