ਗੁਰਨਾਮ ਸਿੱਧੂ
ਫਿਰੋਜ਼ਪੁਰ 19 ਅਕਤੂਬਰ 2019: ਮਨੁੱਖਤਾ ਦੀ ਸੇਵਾ ਵਿਚ ਹਮੇਸ਼ਾ ਮੁਹਰਲੀ ਕਤਾਰ ਰਹਿਣ ਵਾਲੀ ਸੰਸਥਾ ਇੰਟਰਨੈਸ਼ਨਲ ਪੰਥਕ ਦਲ ਨੇ ਪਹਿਲਾਂ ਸੁਲਤਾਨਪੁਰ ਲੋਧੀ ਵਿਚ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਇਕ ਮਹੀਨਾ ਮੈਡੀਕਲ ਕੈਂਪ ਅਤੇ ਹੜ੍ਹ ਪੀੜ੍ਹਤਾਂ ਨੂੰ ਕੱਪੜੇ ਰਜਾਈਆਂ, ਬਿਸਤਰੇ ਸੂਟ ਦੇਣ ਤੋਂ ਇਲਾਵਾ ਹਰ ਪਿੰਡ ਪਿੰਡ ਵਿਚ ਦਵਾਈਆਂ ਦੇ ਕੈਂਪ ਲਾਉਣ ਤੋਂ ਬਾਅਦ ਪਟਨਾ (ਬਿਹਾਰ) ਦੇ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਦਵਾਈਆਂ ਅਤੇ ਰਾਸ਼ਨ ਵੰਡਿਆ ਹੈ । ਹੜ੍ਹ ਪੀੜਤਾਂ ਦੀ ਮਦਦ ਕਰਕੇ ਮੁੜੀ ਨੈਸ਼ਨਲ ਪੰਥਕ ਦਲ ਦੀ ਟੀਮ ਦੇ ਮੈਂਬਰਾਂ ਭਾਈ ਲਖਵਿੰਦਰ ਸਿੰਘ ਮੋਮੀ ਪੰਜਾਬ ਪ੍ਰਧਾਨ, ਭਾਈ ਕ੍ਰਿਪਾ ਸਿੰਘ ਨੱਥੂਵਾਲਾ ਪੈਨਲ ਮੈਂਬਰ ਸੈਂਟਰ ਕਮੇਟੀ ਆਲ ਇੰਡੀਆ, ਭਾਈ ਬਲਜੀਤ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਭਾਈ ਗੁਰਨਾਮ ਸਿੰਘ ਮਹਾਲਮ ਜਨਰਲ ਸਕੱਤਰ ਜ਼ਿਲ੍ਹਾ ਫਿਰੋਜ਼ਪਰ, ਭਾਈ ਭੁਪਿੰਦਰ ਸਿੰਘ ਫਿਰੋਜ਼ਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੀਮ ਵੱਲੋਂ ਸਭ ਤੋਂ ਪ੍ਰਭਾਵਿਤ ਇਲਾਕੇ ਜਿਵੇਂ ਰਜਿੰਦਰ ਨਗਰ ਤੇ ਪੁੰਨ ਪੁੰਨ ਜ਼ਿਲ੍ਹਾ ਪਟਨਾ ਵਿਖੇ ਸੇਵਾਵਾਂ ਨਿਭਾਈਆਂ ਹਨ। ਓਹਨਾ ਨੇ ਦੱਸਿਆ ਕਿ ਸਿੱਖ ਕੌਮ ਤੋਂ ਪ੍ਰਭਾਵਿਤ ਹੋ ਕੇ ਬਿਹਾਰ ਦੇ ਲੋਕਾਂ ਵੱਲੋਂ ਸਿੱਖਾਂ ਧਰਮ ਦਾ ਸ਼ੁਕਰਾਨਾ ਕੀਤਾ। ਆਗੂਆਂ ਨੇ ਕਿਹਾ ਕਿ ਓਹਨਾ ਦਾ ਜਥਾ ਹਮੇਸ਼ਾ ਲੋੜਵੰਦਾ ਦੀ ਮਦਦ ਲਈ ਤਤਪਰ ਰਹਿੰਦਾ ਹੈ। ਓਹਨਾ ਕਿਹਾ ਕਿ ਸਾਡੇ ਬਾਬੇ ਨੇ ਵੀਹਾਂ ਦਾ ਲੰਗਰ ਚਲਾ ਕਿ ਸਿੱਖਾਂ ਅੰਦਰ ਐਸੀ ਸੇਵਾ ਭਾਵਨਾ ਪੈਦਾ ਕੀਤੀ ਕਿ ਸਿੱਖ ਕੌਮ ਹਮੇਸ਼ਾ ਖੁੱਲ ਕੇ ਦਾਨ ਕਰਦੀ ਆ ਰਹੀ ਹੈ। ਆਗੂਆਂ ਨੇ ਸੰਸਥਾ ਲਈ ਅੱਗੇ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।