ਜੀ ਐਸ ਪੰਨੂ
ਪਟਿਆਲਾ, 19 ਅਕਤੂਬਰ 2019 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੇ ਮਾਣ ਵਿਚ ਇਕ ਹੋਰ ਵੱਡਾ ਵਾਧਾ ਹੋਇਆ ਹੈ ਕਿ ਰਾਸ਼ਟਰੀ ਪੱਧਰ ਦੀ ਇਕ ਵੱਕਾਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ, ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ 'ਪਾੱਲ ਐੱਚ' ਐਪਲਬਾਇ' ਐਵਾਰਡ ਨਾਲ ਸਨਮਾਨਿਆ ਗਿਆ ਹੈ। ਉਨ੍ਹਾਂ ਨੂੰ ਇਹ ਵੱਕਾਰੀ ਐਵਾਰਡ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ਦੌਰਾਨ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਵੱਲੋਂ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਉਨ੍ਹਾਂ ਨੂੰ ਇਹ ਐਵਾਰਡ ਲੋਕ ਪ੍ਰਸ਼ਾਨ ਵਿਸ਼ੇ ਦੇ ਖੇਤਰ ਵਿਚ ਸਿਧਾਂਤ ਅਤੇ ਵਿਹਾਰ ਦੇ ਪੱਖੋਂ ਪਾਏ ਗਏ ਵਡਮੁੱਲੇ ਅਕਾਦਮਿਕ ਯੋਗਦਾਨ ਅਤੇ ਇਸੇ ਵਿਸ਼ੇ ਨਾਲ ਸੰਬੰਧਤ ਇਸ ਰਾਸ਼ਟਰੀ ਸੰਸਥਾ ਲਈ ਦਿੱਤੀਆਂ ਆਪਣੀਆਂ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਯੂ. ਐੱਸ. ਏ. ਅਧਾਰਿਤ ਸ਼ਖਸੀਅਤ ਡੀਨ ਪਾੱਲ ਐੱਚ. ਐਪਲਬਾਇ ਲੋਕ ਪ੍ਰਸ਼ਾਸਨ ਦੇ ਖੇਤਰ ਵਿਚ ਬਹੁਤ ਵੱਡੇ ਸਿਧਾਂਤਕਾਰ ਅਤੇ ਵਿਦਵਾਨ ਸਨ। ਨਵੀਂ ਦਿੱਲੀ ਵਿਚ ਇਹ ਆਈ.ਆਈ.ਪੀ.ਏ. ਨਾਮੀ ਰਾਸ਼ਟਰੀ ਸੰਸਥਾ ਦਾ ਸਥਾਪਨ 1954 ਵਿਚ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਇਕ ਰਿਪੋਰਟ ਦੇ ਅਧਾਰ ਤੇ ਹੀ ਹੋਇਆ ਸੀ। ਇਹ ਸੰਸਥਾ ਲੋਕ ਪ੍ਰਸ਼ਾਸਨ ਦੇ ਖੇਤਰ ਵਿਚ ਦੇਸ਼ ਦੀ ਸਰਬਉੱਚ ਸੰਸਥਾ ਹੈ ਜੋ ਸਿਵਲ ਪ੍ਰਸ਼ਾਸਨਿਕ ਸੇਵਾਵਾਂ, ਖੋਜ, ਸਲਾਹਕਾਰੀ, ਵਿਚਾਰ-ਵਟਾਂਦਰਾ ਆਦਿ ਨਾਲ ਆਪਣੀਆਂ ਸੇਵਾਵਾਂ ਮੁਹਈਆ ਕਰਵਾਉਂਦੀ ਹੈ। ਡਾ. ਬੀ. ਐੱਸ. ਘੁੰਮਣ ਨੂੰ ਇਸ ਸੰਸਥਾ ਦੀ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਤ ਖੇਤਰੀ ਸ਼ਾਖਾ ਦੇ ਆਨਰੇਰੀ ਸਕੱਤਰ ਵਜੋਂ ਵੀ ਕਾਰਜਸ਼ੀਲ ਹੋਣ ਦਾ ਮਾਣ ਵੀ ਹਾਸਿਲ ਹੈ। ਡਾ. ਘੁੰਮਣ ਨੂੰ ਮਿਲਿਆ ਇਹ ਤਾਜ਼ਾ ਐਵਾਰਡ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚਲੇ ਪ੍ਰਬੰਧਨ ਨਾਲ ਜੁੜੀਆਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਡਾ. ਘੁੰਮਣ ਦਾ ਨਾਮ ਉਨ੍ਹਾਂ ਮੁੱਠੀ ਭਰ ਅਕਾਦਮੀਸ਼ਨਾਂ ਵਿਚ ਸ਼ਾਮਿਲ ਹੈ ਜਿਨ੍ਹਾਂ ਨੂੰ ਯੂਨੀਵਰਸਿਟੀ ਪ੍ਰਬੰਧਨ ਅਤੇ ਸਿੱਖਿਆ ਦੇ ਖੇਤਰ ਵਿਚ ਨੀਤੀ ਨਿਰਮਾਣ ਵਿਚ ਵਿਸ਼ੇਸ ਮੁਹਾਰਤ ਹਾਸਿਲ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਸੈਨੇਟ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਡਾ. ਘੁੰਮਣ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟ਼ੀ ਸਮੇਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਰਟਸ ਫੈਕਲਟੀ ਦੇ ਡੀਨ ਰਹਿ ਚੁੱਕੇ ਡਾ. ਘੁੰਮਣ ਯੂ.ਜੀ.ਸੀ. ਅਤੇ ਕਈ ਯੂਨੀਵਰਸਿਟੀਆਂ ਦੀਆਂ ਅਹਿਮ ਕਮੇਟੀਆਂ ਵਿਚ ਆਪਣੀ ਸਰਗਰਮ ਭੂਮਿਕਾ ਨਿਭਾ ਚੁੱਕੇ ਹਨ। ਪੰਜਾਬ ਯੂਨੀਵਰਸਿਟੀ ਦੇ 2020 ਵਿਜ਼ਨ ਡਾਕੂਮੈਂਟ ਸਮੇਤ ਹੋਰ ਬਹੁਤ ਸਾਰੇ ਦਸਤਾਵੇਜਾਂ ਦੇ ਨਿਰਮਾਣ ਵਿਚ ਵੀ ਡਾ. ਘੁੰਮਣ ਦੀ ਅਹਿਮ ਭੂਮਿਕਾ ਰਹੀ ਹੈ। ਵਿਦੇਸ਼ਾਂ ਵਿਚਲੀਆਂ ਬਹੁਤ ਸਾਰੀਆਂ ਉੱਚ ਅਕਾਦਮਿਕ ਸੰਸਥਾਵਾਂ ਵੱਲੋਂ ਵੀ ਡਾ. ਘੁੰਮਣ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ। ਭਾਰਤ ਅਤੇ ਕੈਨੇਡਾ ਵਿਚ ਦੋ ਤਰਫ਼ਾ ਅਕਾਦਮਿਕ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਹਿਤ ਸਥਾਪਿਤ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਕੈਲਗਰੀ/ਨਵੀਂ ਦਿੱਲੀ ਦੇ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਹੋਣ ਦਾ ਮਾਣ ਵੀ ਡਾ. ਘੁੰਮਣ ਨੂੰ ਪ੍ਰਾਪਤ ਹੈ। ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਵਿਖੇ ਵੀ ਡਾ. ਘੁੰਮਣ ਸੀਨੀਅਰ ਐਸੋਸੀਏਟ ਵਜੋਂ ਜੁੜੇ ਹੋਏ ਹਨ। ਇਸੇ ਕੈਨੇਡੀਅਨ ਯੂਨੀਵਰਸਿਟੀ ਵਿਖੇ ਉਹ ਐਡਜੰਕਟ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਵਿਦੇਸ਼ ਦੀਆਂ ਬਹੁਤ ਸਾਰੀਆਂ ਵੱਕਾਰੀ ਯੂਨੀਵਰਸਿਟੀਆਂ ਵਿਚ ਆਪਸੀ ਅਕਾਦਮਿਕ ਸਾਂਝ ਸਥਾਪਿਤ ਕਰਨ ਲਈ ਡਾ. ਘੁੰਮਣ ਤਨਦੇਹੀ ਨਾਲ ਕੰਮ ਕਰ ਰਹੇ ਹਨ। ਗੁਣਵੱਤਾ ਸੰਪੰਨ ਅਧਿਆਪਨ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਨੂੰ ਡਾ. ਘੁੰਮਣ ਆਪਣਾ ਅਸਲ ਉਦੇਸ਼ ਮੰਨਦੇ ਹਨ। ਆਪਣੇ ਅਕਾਦਮਿਕ ਭਾਸ਼ਣਾਂ ਅਤੇ ਹੋਰ ਸਭ ਵਿਧੀਆਂ ਰਾਹੀਂ ਉਨ੍ਹਾਂ ਦਾ ਹਮੇਸ਼ਾ ਇਹ ਮੰਨਣਾ ਰਿਹਾ ਹੈ ਕਿ ਉਚੇਰੀ ਸਿੱਖਿਆ ਹਮੇਸ਼ਾ ਹੀ ਸਮਾਜ ਅਤੇ ਮਾਰਕੀਟ ਲਈ ਪ੍ਰਸੰਗਿਕ ਅਤੇ ਪ੍ਰਚੱਲਿਤ ਰੁਝਾਨਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਅਕਾਦਮਿਕ ਜਗਤ ਵਿਚਲੇ ਉਨ੍ਹਾਂ ਦੇ ਅਜਿਹੇ ਵਡਮੁੱਲੇ ਯੋਗਦਾਨ ਸਕਦਾ ਹੀ ਉਨ੍ਹਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ ਹੈ।