ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ ਕਰਵਾਈ
ਪੁਲੀਸ ਤੇ ਅਧਿਕਾਰੀਆਂ, ਮੁਲਾਜ਼ਮਾਂ ਤੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਲਿਆ ਹਿੱਸਾ
ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ
21 ਅਕਤੂਬਰ ਨੂੰ ਪੁਲਿਸ ਲਾਈਨ, ਮਹੱਦੀਆਂ ਵਿਖੇ ਮਨਾਇਆ ਜਾਵੇਗਾ ਪੁਲਿਸ ਸ਼ਹੀਦੀ ਦਿਵਸ
ਫ਼ਤਹਿਗੜ੍ਹ ਸਾਹਿਬ, 20 ਅਕਤੂਬਰ 2019: ਪੰਜਾਬ ਪੁਲੀਸ ਦੇ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ, ਜਿਨ੍ਹਾਂ ਨੇ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਹੈ ਅਤੇ ਪੰਜਾਬ ਪੁਲੀਸ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ 21 ਅਕਤੂਬਰ ਨੂੰ ਮਨਾਏ ਜਾ ਰਹੇ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਈ ਮਿੰਨੀ ਮੈਰਾਥਨ ਨੂੰ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ, ਫ਼ਤਹਿਗੜ੍ਹ ਸਾਹਿਬ ਨੇੜਿਓਂ ਹਰੀ ਝੰਡੀ ਦਿਖਾਉਣ ਮੌਕੇ ਕੀਤਾ। ਇਹ ਮੈਰਾਥਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਜਾ ਕੇ ਸੰਪੰਨ ਹੋਈ।
ਇਸ ਮੌਕੇ ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਜ਼ਿਲ੍ਹੇ ਦੇ 16 ਪੁਲਿਸ ਕਰਮਚਾਰੀਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਨੇ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦਾਂ ਤੋਂ ਸੇਧ ਲੈ ਕੇ ਲੋਕ ਸੇਵਾ ਪ੍ਰਤੀ ਹੋਰ ਵੀ ਵੱਧ ਸਮਰਪਿਤ ਹੋ ਕੇ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਪੁਲਿਸ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ ਤੇ ਪੰਜਾਬ ਪੁਲੀਸ ਹਰ ਮੁਸ਼ਕਿਲ ਦੀ ਘੜੀ ਵਿਚ ਸ਼ਹੀਦ ਪਰਿਵਾਰਾਂ ਨਾਲ ਖੜ੍ਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 21 ਅਕਤੂਬਰ ਨੂੰ ਪੁਲਿਸ ਲਾਈਨ, ਮਹੱਦੀਆਂ ਸਥਿਤ ਸ਼ਹੀਦੀ ਸਮਾਰਕ ਵਿਖੇ ਮਨਾਏ ਜਾਣ ਵਾਲੇ ਪੁਲਿਸ ਸ਼ਹੀਦੀ ਦਿਵਸ ਮੌਕੇ ਸ਼ਹੀਦ ਹੋਏ ਪੁਲਿਸ ਤੇ ਕਰਮਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀਮਤੀ ਕੌਂਡਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਨਾਉਣ।
ਮੈਰਾਥਨ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਐਸ.ਪੀ. (ਡੀ) ਹਰਪਾਲ ਸਿੰਘ, ਐਸ.ਪੀ. (ਐਚ) ਨਵਰੀਤ ਸਿੰਘ ਵਿਰਕ, ਡੀ.ਐਸ.ਪੀ. ਹਰਦੀਪ ਸਿੰਘ, ਡੀ.ਐਸ.ਪੀ. ਮਨਜੋਤ ਕੌਰ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ, ਡੀ.ਐਸ.ਪੀ. ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਧਰਮਪਾਲ ਸਿਘ ਸਿੰਘ ਸਮੇਤ ਪੰਜਾਬ ਪੁਲੀਸ ਦੇ ਅਧਿਕਾਰੀਆਂ, ਜਵਾਨਾਂ, ਵੱਡੀ ਗਿਣਤੀ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ।