99.48 ਫੀਸਦੀ ਅਰਜ਼ੀਆਂ ਦਾ ਹੋ ਚੁੱਕਾ ਹੈ ਸਮੇਂ ’ਤੇ ਨਿਪਟਾਰਾ
ਸਾਫ-ਸੁੱਥਰੀਆਂ ਜਨਤਕ ਸੇਵਾਵਾਂ ਲਈ ਲਗਾਤਾਰ ਘੋਖੀ ਜਾਂਦੀ ਹੈ ਸੇਵਾ ਕੇਂਦਰਾਂ ਦੀ ਪ੍ਰਗਤੀ
ਸੰਗਰੂਰ, 20 ਅਕਤੂਬਰ 2019: ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਥਾਪਤ ਕੀਤੇ ‘ਸੇਵਾ ਕੇਂਦਰ’ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਜ਼ਿਲਾ ਸੰਗਰੂਰ ਦੇ ਸੇਵਾ ਕੇਂਦਰ ਸਮਾਂਬੱਧ ਤੇ ਸ਼ਾਨਦਾਰ ਕਾਰਗੁਜ਼ਾਰੀ ਬਦੌਲਤ ਪਹਿਲੇ ਸਥਾਨ ’ਤੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਈ-ਡਿਸਟਿ੍ਰਕਟ ਅਤੇ ਈ- ਸੇਵਾ ਪ੍ਰਾਜੈਕਟ ਅਧੀਨ ਜਾਰੀ ਸੂਚੀ ਅਨੁਸਾਰ ਜ਼ਿਲਾ ਸੰਗਰੂਰ 18 ਅਕਤੂਬਰ 2019 ਤੱਕ 99.48 ਫ਼ੀਸਦੀ ਅਰਜ਼ੀਆਂ ਦੇ ਨਿਬੇੜੇ ਨਾਲ ਪਹਿਲੇ ਸਥਾਨ ’ਤੇ ਹੈ ਅਤੇ ਸਿਰਫ 0.52 ਫ਼ੀਸਦੀ ਅਰਜ਼ੀਆਂ ਪ੍ਰਗਤੀ ਅਧੀਨ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਸੰਗਰੂਰ ਜ਼ਿਲੇ ਦੇ ਵਾਸੀਆਂ ਨੂੰ ਸਾਫ ਸੁੱਥਰੀਆਂ ਤੇ ਸਮਾਂਬੱਧ ਜਨਤਕ ਸੇਵਾਵਾਂ ਲਈ ਵਚਨਬੱਧ ਹੈ। ਇਸੇ ਤਹਿਤ ਸੇਵਾ ਕੇਂਦਰਾਂ ਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਲਗਾਤਾਰ ਘੋਖਣ ਦੇ ਨਾਲ ਨਾਲ ਉਨਾਂ ਨੂੰ ਸਮੇਂ ’ਤੇ ਅਰਜ਼ੀਆਂ ਦਾ ਨਿਬੇੜਾ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲੇ ਵਿਚ 31 ਸੇਵਾ ਕੇਂਦਰ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਨਾਂ ਸੇਵਾ ਕੇਂਦਰਾਂ ਵਿਚ ਆਨਲਾਈਨ, ਆਫਲਾਈਨ ਤੇ ਤੀਜੀ ਧਿਰ ਨਾਲ ਸਬੰਧਤ ਸੇਵਾਵਾਂ (ਜਿਵੇਂ ਪਾਸਪੋਰਟ, ਆਧਾਰ, ਪੀਐਸਪੀਸੀਐਲ, ਬੀਐਸਐਨਐਲ ਬਿੱਲ ਆਦਿ) ਸਮੇਤ ਕੁੱਲ 223 ਜਨਤਕ ਸੇਵਾਵਾਂ ਲੋਕਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨਾਂ ਵਿਚ 47 ਆਨਲਾਈਨ, 112 ਆਫਲਾਈਨ ਤੇ 64 ਤੀਜੀ ਧਿਰ ਨਾਲ ਸਬੰਧਤ ਸੇਵਾਵਾਂ ਹਨ। ਉਨਾਂ ਦੱਸਿਆ ਕਿ ਆਨਲਾਈਨ ਹੋਣ ਕਾਰਨ ਕਈ ਸੇਵਾਵਾਂ ਦਾ ਰਲੇਵਾਂ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਮੌਜੂਦਾ ਸਮੇਂ ਵਿਚ 223 ਤਰਾਂ ਦੀਆਂ ਸੇਵਾਵਾਂ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ, ਜੋ 20 ਵਿਭਾਗਾਂ ਨਾਲ ਸਬੰਧਤ ਹਨ। ਇਨਾਂ ਸੇਵਾਵਾਂ ਦੀਆਂ ਅਰਜ਼ੀਆਂ ਸੇਵਾ ਕੇਂਦਰਾਂ ਤੋਂ ਅੱਗੇ ਨਿਬੇੜੇ ਲਈ ਇਨਾਂ ਵਿਭਾਗਾਂ ਕੋਲ ਜਾਂਦੀਆਂ ਹਨ ਤੇ ਵਿਭਾਗ ਇਨਾਂ ਦਾ ਸਮਾਂਬੱਧ ਨਿਬੇੜਾ ਕਰ ਕੇ ਸੇਵਾ ਕੇਂਦਰਾਂ ਨੂੰ ਭੇਜਦੇ ਹਨ। ਉਨਾਂ ਦੱਸਿਆ ਕਿ 18 ਅਕਤੂਬਰ 2019 ਤੱਕ ਆਨਲਾਈਨ ਸੇਵਾਵਾਂ ਲਈ ਕੁੱਲ 4,95,118 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਆਫਲਾਈਨ 6,01,843 ਤੇ ਤੀਜੀ ਧਿਰ ਨਾਲ ਸਬੰਧਤ 2,61,574 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਪ੍ਰਾਪਤ ਅਰਜ਼ੀਆਂ ਵਿਚੋ 99.48 ਫੀਸਦੀ ਅਰਜ਼ੀਆਂ ਦਾ ਸਮੇਂ ’ਤੇ ਨਿਬੇੜਾ ਹੋ ਚੁੱਕਾ ਹੈ।
ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਦੀ ਪ੍ਰਗਤੀ ਦਾ ਸਮੇਂ-ਸਮੇਂ ’ਤੇ ਮੀਟਿੰਗਾਂ ਕਰਕੇ ਜਾਇਜ਼ਾ ਲਿਆ ਜਾਂਦਾ ਹੈ ਅਤੇ ਕੇਂਦਰਾਂ ’ਚ ਤਾਇਨਾਤ ਸਟਾਫ਼ ਨੂੰ ਲੋੜੀਂਦੀ ਸਿਖਲਾਈ ਵੀ ਦਿਵਾਈ ਗਈ ਹੈ ਤਾਂ ਜੋ ਲੋਕਾਂ ਦੀਆਂ ਅਰਜ਼ੀਆਂ ਨੂੰ ਸਮੇਂ ਸਿਰ ਨਿਪਟਾਇਆ ਜਾ ਸਕੇ। ਇਸ ਤੋਂ ਇਲਾਵਾ ਸੇਵਾ ਕੇਂਦਰ ਵਿਖੇ ਮੁਲਾਜ਼ਮਾਂ ਲਈ ਅਰਜ਼ੀਆਂ ਦੇ ਨਿਬੇੜੇ ਲਈ ਸਮਾਂ-ਸੀਮਾ ਵੀ ਨਿਸਚਿਤ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਅਰਜ਼ੀ ਜ਼ਿਆਦਾ ਸਮੇਂ ਤੱਕ ਬਕਾਇਆ ਨਾ ਰਹੇ।
ਉੁਨਾਂ ਕਿਹਾ ਕਿ ਜੇਕਰ ਕਿਸੇ ਨੂੰ ਸੇਵਾ ਕੇਂਦਰਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਹੈਲਪਲਾਈਨ ਨੰਬਰ 01672-232304 ’ਤੇ ਜਾਂ ਜ਼ਿਲਾ ਇੰਚਾਰਜ, ਸੇਵਾ ਕੇਂਦਰ ਗੁਰਜੰਟ ਸਿੰਘ ਦੇ ਮੋਬਾਈਲ ਨੰਬਰ 94177-55017 ਅਤੇ ਜ਼ਿਲਾ ਈ-ਗਵਰਨੈਂਸ ਕੋਆਰਡੀਨੇਟਰ ਸਾਹਿਲ ਦੇ ਮੋਬਾਈਲ ਨੰਬਰ 98884-08008 ’ਤੇ ਸੰਪਰਕ ਕੀਤਾ ਜਾ ਸਕਦਾ ਹੈ।