ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਾ 3 ਪ੍ਰਤੀਸ਼ਤ ਹਿੱਸਾ ਸਪੋਰਟਸ ਕੋਟੇ ਲਈ ਰੱਖਿਆ ਗਿਆ ਰਾਖਵਾਂ - ਸੋਢੀ
ਗੁਰਨਾਮ ਸਿੱਧੂ
ਫਿਰੋਜ਼ਪੁਰ 20 ਅਕਤੂਬਰ 2019:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਲੜਕੇ (ਅੰਡਰ-18) ਸ਼ੁਰੂ ਹੋ ਗਈਆਂ ਹਨ ਜੋ ਕਿ 22 ਅਕਤੂਬਰ 2019 ਤੱਕ ਚੱਲਣਗੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਦੌਰਾਨ 4 ਹਜ਼ਾਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਅਨੁਸ਼ਾਸਨ ਦੀ ਭਾਵਨਾ ਰੱਖਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਮਾਰਚ ਪਾਸਟ, ਮਸ਼ਾਲ ਦੀ ਰਸਮ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੇ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਵਰਗੀ ਕੋਹੜ ਦੀ ਬਿਮਾਰੀ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਹੁਣ ਜਿਹੜਾ ਵੀ ਖਿਡਾਰੀ ਗੋਲਡ ਮੈਡਲ ਜਿੱਤੇਗਾ ਉਸ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਜਿਹੜਾ ਖਿਡਾਰੀ ਸਿਲਵਰ ਮੈਡਲ ਜਿੱਤੇਗਾ ਉਸ ਨੂੰ ਸਰਕਾਰ ਵੱਲੋਂ 75 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਬ੍ਰਾਊਨ ਮੈਡਲ (ਕਾਂਸੀ ਦਾ ਤਗਮਾ) ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਅਤੇ ਟ੍ਰੇਨਿੰਗ ਵੀ ਫ਼ਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਾ 3 ਪ੍ਰਤੀਸ਼ਤ ਹਿੱਸਾ ਸਪੋਰਟਸ ਕੋਟੇ ਲਈ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਬਣ ਰਹੀ ਹੈ ਜਿਸ ਵਿਚ ਖਿਡਾਰੀਆਂ ਲਈ ਕੋਚਿੰਗ ਆਦਿ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਪਿੱਛੇ ਵਾਲੀ ਥਾਂ ਤੇ 6 ਕਰੋੜ ਰੁਪਏ ਦੀ ਲਾਗਤ ਨਾਲ ਐਸਟੋਟਰਫ ਹਾਕੀ ਅੰਤਰਰਾਸ਼ਟਰੀ ਸਟੇਡੀਅਮ ਗਰਾÀੂਂਡ ਬਣ ਰਿਹਾ ਹੈ ਜਿਸ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਚ ਚੱਲ ਰਹੇ ਸਵੀਮਿੰਗ ਪੂਲ ਦਾ ਵੀ ਜਲਦੀ ਹੀ ਆਧੁਨਿਕੀਕਰਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਨੂੰ ਆਪਣਾ ਟੀਚਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਚਾਹੇ ਉਹ ਖੇਡ ਦਾ ਮੈਦਾਨ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਬਾਕਸਿੰਗ, ਸ਼ੂਟਿੰਗ, ਰੈਸਲਿੰਗ, ਕ੍ਰਿਕਟ, ਐਥਲੈਟਿਕਸ, ਹੈਂਡਬਾਲ ਅਤੇ ਫੁੱਟਬਾਲ ਖੇਡਾਂ ਵਿਚ ਸਾਡੇ ਦੇਸ਼ ਦੇ ਖਿਡਾਰੀਆਂ ਨੇ ਕਾਫ਼ੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਿਸ਼ਨ ਚਲਾਇਆ ਹੈ ਤਾਂ ਜੋ ਖਿਡਾਰੀ ਖੇਡਾਂ ਪ੍ਰਤੀ ਲੱਗ ਕੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਕੋਈ ਵੀ ਖਿਡਾਰੀ ਆਪਣੇ ਆਪ ਨੂੰ ਇਕ ਦੂਜੇ ਤੋਂ ਕਮਜ਼ੋਰ ਨਾ ਸਮਝੇ ਤੇ ਜਜ਼ਬੇ ਤੇ ਫੋਕਸ ਨਾਲ ਆਪਣਾ ਮੁਕਾਮ ਹਾਸਲ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਤੁਹਾਡੇ ਵਰਗੇ ਖਿਡਾਰੀਆਂ ਨੇ ਹੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ, ਇਸ ਲਈ ਤੁਹਾਡਾ ਟੀਚਾ ਮੈਦਾਨ ਜਿੱਤਣ ਦਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਗੁਰੂਹਰਸਹਾਏ ਕੁਲਦੀਪ ਬਾਵਾ, ਐੱਸਪੀਡੀ ਅਜੇ ਰਾਜ, ਦੇਸਵੀਰ ਸੋਢੀ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ, ਸਕੱਤਰ ਰੈੱਡ ਕਰਾਸ ਅਸੋਕ ਬਹਿਲ, ਡਿਪਟੀ ਡੀਈਓ ਸੈਕੰਡਰੀ ਕੋਮਲ ਅਰੋੜਾ, ਡਿਪਟੀ ਡੀਈਓ ਜਗਜੀਤ ਸਿੰਘ, ਅਨਿਰੁਧ ਗੁਪਤਾ, ਮੇਹਰਦੀਪ ਸਿੰਘ ਮੰਚ ਸੰਚਾਲਕ, ਰਵੀ ਚਾਵਲਾ, ਅਮ੍ਰਿਤਪਾਲ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।