ਗੁਰੂ ਨਾਨਕ ਦੇਵ ਵਿਚਾਰਧਾਰਾ ਦਾ ਵੰਨਸੁਵੰਨਤਾ ਸਰੂਪ ਬਚਾ ਕੇ ਹੀ ਦੇਸ਼ ਸਮਰੱਥ ਹੋਵੇਗਾ- ਡਾ: ਭੀਮ ਇੰਦਰ ਸਿੰਘ
ਗੁਹਾਟੀ 20 ਅਕਤੂਬਰ 2019: ਭਾਰਤੀ ਸਾਹਿੱਤ ਅਕਾਡਮੀ ਵੱਲੋਂ ਗੁਹਾਟੀ ਯੂਨੀਵਰਸਿਟੀ ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਵਿਚਾਰ ਗੋਸ਼ਟੀਅੱਜ ਸ਼ਾਮੀਂ ਸੰਪੂਰਨ ਹੋ ਗਈ ਹੈ।
ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿੱਤ ਅਧਿਐਨ ਵਿਭਾਗ ਦੇ ਮੁਖੀ ਡਾ: ਭੀਮ ਇੰਦਰ ਸਿੰਘ ਨੇ ਕਿਹਾ ਕਿ ਅੱਜ ਗੁਰੂ ਨਾਨਕ ਵਿਚਾਰਧਾਰਾ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸੇ ਨੇ ਦੇਸ਼ ਦੀ ਵੰਨਸੁਵੰਨਤਾ ਬਚਾਉਣੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਸਾਧਾਰਨ ਬੰਦੇ ਨੂੰ ਆਤਮ ਸਮਰੱਥ ਬਣਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਬਹੁਤ ਬਾਣੀ ਰਚੀ ਅਤੇ ਬਾਬਰਵਾਣੀ ਵਰਗੇ ਮਹਾਂਗੀਤ ਨਾਲ ਵਿਰੋਧੀ ਜਾਬਰ ਤਾਕਤਾਂ ਨੂੰ ਵੰਗਾਰਿਆ।
ਅਨੂਪਮ ਤਿਵਾੜੀ ਸੰਪਾਦਕ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਨੇ ਸਾਰੇ ਵਿਦਵਾਨਾਂ ਤੇ ਡੈਲੀਗੇਟਸ ਲਈ ਸੁਆਗਤੀ ਸ਼ਬਦ ਕਹੇ।
ਪਹਿਲੇ ਵਿਚਾਰ ਚਰਚਾ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਅਕਾਡਮੀ ਨਵੀਂ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਕਿਰਤ ਸਿਧਾਂਤ ਸਾਨੂੰ ਨਾਮ ਜਪਣ ਤੇ ਵੰਡ ਛਕਣ ਦੀ ਪ੍ਰੇਰਨਾ ਦਿੰਦਾ ਹੈ। ਤਿੰਨਾਂ ਅੰਗਾਂ ਦਾ ਸੁਮੇਲ ਹੀ ਗੁਰੂ ਸਾਹਿਬ ਦਾ ਕਰਤਾਰਪੁਰੀ ਖੇਤੀ ਮਾਡਲ ਹੈ।
ਇਸ ਸੈਸ਼ਨ ਵਿੱਚ ਡਾ: ਸਮੁਦਰ ਗੁਪਤਾ ਕਸ਼ਯਪ ਨੇ ਗੁਰੂ ਨਾਨਕ ਦੇਵ ਜੀ ਦਾ ਆਸਾਮ ਵਿੱਚ ਦੂਰ ਰਸ ਪ੍ਰਭਾਵ ਬਾਰੇ ਗੱਲ ਕਰਦਿਆਂ ਪੰਜਾਬ ਤੇ ਆਸਾਮ ਦੇ ਮਜ਼ਬੂਤ ਰਿਸ਼ਤਿਆਂ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਆਸਾਮੀ ਲੋਕਾਂ ਦੀ ਅੰਗਰੇਜ਼ਾਂ ਵਿਰੁੱਧ ਲੜਾਈ ਚ ਇਮਦਾਦ ਕੀਤੀ।
ਡਾ: ਅਵਤਾਰ ਸਿੰਘ ਫਗਵਾੜਾ ਨੇ ਗੁਰੂ ਨਾਨਕ ਦੇਵ ਅਤੇ ਮਨੁੱਖੀ ਉਦੇਸ਼ ਵਿਸ਼ੇ ਤੇ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੂੰ ਸ਼ਬਦ ਕਰਾਂਤੀ ਦਾ ਆਧਾਰ ਬਿੰਦੂ ਕਹਿ ਸਕਦੇ ਹਾਂ।
ਆਖ਼ਰੀ ਸੈਸ਼ਨ ਦੀ ਪ੍ਰਧਾਨਗੀ ਡਾ: ਦੀਪਕ ਮਨਮੋਹਨ ਸਿੰਘ ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪਟਿਆਲਾ ਨੇ ਕੀਤੀ। ਜਿਸ ਚ ਡਾ: ਬਲਜੀਤ ਕੌਰ ਜੰਮੂ ਯੂਨੀਵਰਸਿਟੀ ਜੰਮੂ, ਗੁਰੂ ਨਾਨਕ ਦੇਵ : ਸਾਹਿੱਤਕ ਅਤੇ ਭਾਸ਼ਾ ਚੇਤਨਾਬਾਰੇ ਚਰਚਾ ਕੀਤੀ ਜਦ ਕਿ ਅਮਰਜੀਤ ਸਿੰਘ ਗਰੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਗਲੋਬਲ ਦ੍ਰਿਸ਼ਟੀ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ।
ਡਾ: ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ ਨੇ ਗੁਰੂ ਨਾਨਕ : ਦਾਰ਼ਸ਼ਨਿਕ ਪਰਿਪੇਖ ਤੇ ਪ੍ਰਸੰਗਿਕਤਾ ਬਾਰੇ ਵਿਚਾਰਾਂ ਪੇਸ਼ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਭਿਆਚਾਰ, ਧਰਮ ਤੇ ਫਲਸਫੇ ਲਈ ਚੋਣ ਸਿਧਾਂਤ ਵਰਤਦੇ ਹਨ। ਇਹ ਚੋਣ ਸਿਧਾਂਤ ਸਾਨੂੰ ਗਲਤ ਠੀਕ, ਸੱਚ ਝੂਠ, ਉਪਯੋਗੀ ਅਣਉਪਯੋਗੀ ਵਿੱਚੋਂ ਚੋਣ ਕਰਨ ਦੀ ਵਿਧੀ ਸਿਖਾਉਂਦਾ ਹੈ। ਇਹੀ ਚੋਣ ਸਚਿਆਰ ਤੇ ਕੂੜਿਆਰ,ਗੁਰਮੁਖ ਤੇ ਮਨਮੁਖ ਦੇ ਨਾਲ ਨਾਲ ਵੰਡਣ ਤੇ ਖੋਹਣ ਵਿਚਕਾਰ ਵੀ ਹੈ।
ਭਾਰਤੀ ਸਾਹਿੱਤ ਅਕਾਡਮੀ ਦੀ ਪੰਜਾਬੀ ਕਨਵੀਨਰ ਡਾ: ਵਨੀਤਾ ਨੇ ਗੁਰੂ ਨਾਨਕ ਦੇਵ: ਸ਼ਬਦ ਰਾਗ ਅਤੇ ਰਬਾਬ ਵਿਸ਼ੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ 19 ਰਾਗਾਂ ਵਿੱਚ ਬਾਣੀ ਰਚੀ। ਉਨ੍ਹਾਂ ਸੰਗੀਤ ਰਾਹੀਂ ਮੈਂ ਤੋਂ ਆਪ ਤੀਕ ਮਨੁੱਖ ਨੂੰ ਪਰਵਰਤਿਤ ਕੀਤਾ। ਸੱਤ ਸੁਰਾਂ ਦੇ ਸੁਰਮੇਲ ਨਾਲ ਅਨੇਕ ਨਵੇਂ ਰਾਗ ਵਿਕਸਤ ਕੀਤੇ। ਉਨ੍ਹਾਂ ਰਾਗਾਂ ਨੂੰ ਬਾਣੀ ਚ ਪਰੋਇਆ ਅਤੇ ਗਤੀਸ਼ੀਲ ਵਰਤਾਰਾ ਅਪਣਾਇਆ। ਕੱਟੜਪੁਣਾ ਤਿਆਗਿਆ ਅਤੇ ਰਾਗ ਨਾਦ ਸ਼ਬਦ ਸੋਹਣੇ ਦਾ ਸੰਕਲਪ ਉਸਾਰਿਆ।
ਵਿਦਾਇਗੀ ਸਮਾਗਮ ਦਾ ਵਿਦਾਇਗੀ ਭਾਸ਼ਨ ਡਾ: ਤੇਜਵੰਤ ਸਿੰਘ ਗਿੱਲ ਨੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਮੁਹਾਜ਼ ਤੇ ਵੱਖ ਵੱਖ ਪੈਂਤੜਿਆਂ ਨਾਲ ਮਨੁੱਖ ਦੀ ਸਰਬ ਪੱਖੀ ਆਜ਼ਾਦੀ ਦੀ ਵਾਰਤਾ ਪਹਿਲੀ ਵਾਰ ਛੋਹੀ।
ਇਸ ਸੈਸ਼ਨ ਵਿੱਚ ਡਾ: ਭੀਮਇੰਦਰ ਸਿੰਘ ਮੁਖੀ ਸਾਹਿੱਤ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਚੇਤਨਾ ਬਾਰੇ ਨਿੱਗਰ ਵਿਚਾਰ ਪੇਸ਼ ਕੀਤੇ।
ਡਾ: ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ ਦਿੱਲੀ ਨੇ ਧੰਨਵਾਦੀ ਸ਼ਬਦ ਕਹੇ।