ਲੁਧਿਆਣਾ, 20 ਅਕਤੂਬਰ 2019 - ''ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਦੌਰਾਨ ਮਿਤੀ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਇਨ੍ਹਾਂ ਚੋਣਾਂ ਨੂੰ ਪਾਰਦਰਸ਼ਤਾ, ਨਿਰਪੱਖਤਾ ਅਤੇ ਬਿਨਾ ਕਿਸੇ ਦਬਾਓ ਦੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚਾੜਨ ਲਈ ਦ੍ਰਿੜ ਸੰਕਲਪ ਹੈ। ਪੂਰੀ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਰਕੇ ਵੋਟਰ ਆਪਣੀ ਵੋਟ ਦਾ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਲਾਜ਼ਮੀ ਅਤੇ ਸਹੀ ਇਸਤੇਮਾਲ ਕਰਨ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ। ਸਾਰੇ ਵੋਟਰਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵੋਟਰ ਸ਼ਨਾਖਤੀ ਕਾਰਡ ਅਤੇ ਵੋਟਰ ਸਲਿੱਪਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਵਿਧਾ ਸਭਾ ਹਲਕਾ ਦਾਖਾ ਲਈ ਕੁੱਲ 11 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ 12ਵਾਂ ਨੰਬਰ 'ਨੋਟਾ' ਦਾ ਹੋਵੇਗਾ। ਚੋਣਾਂ ਦੀ ਪੂਰੀ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਸਿਵਲ ਪ੍ਰਸਾਸ਼ਨ ਦੇ 1295 ਅਧਿਕਾਰੀ ਚੋਣ ਅਮਲੇ ਦੀ ਡਿਊਟੀ ਨਿਭਾਉਣਗੇ। ਜਦਕਿ ਵੋਟ ਪ੍ਰਕਿਰਿਆ ਨੂੰ ਸ਼ਾਂਤੀ ਪੂਰਨ ਤਰੀਕੇ ਨਾਲ ਸਿਰੇ ਚੜਾਉਣ ਲਈ ਲੋੜੀਂਦੀ ਮਾਤਰਾ ਵਿੱਚ ਪੰਜਾਬ ਪੁਲਿਸ ਦੇ ਜਵਾਨ ਅਤੇ ਇਸ ਤੋਂ ਇਲਾਵਾ ਲੋੜੀਂਦੀ ਮਾਤਰਾ ਵਿੱਚ ਹੋਰ ਕੇਂਦਰੀ ਫੋਰਸਾਂ ਲਗਾਈਆਂ ਗਈਆਂ ਹਨ। ਸ੍ਰੀ ਅਗਰਵਾਲ ਨੇ ਵਚਨਬੱਧਤਾ ਦੁਹਰਾਈ ਕਿ ਇਹ ਚੋਣਾਂ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰਵਾਈਆਂ ਜਾਣਗੀਆਂ।
ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਚੋਣ ਨੂੰ ਸ਼ਾਂਤਮਈ ਤਰਕੇ ਨਾਲ ਕਰਾਉਣ ਲਈ ਸੀ. ਆਰ. ਪੀ. ਐੱਫ. ਸਮੇਤ ਆਈ. ਆਰ. ਬੀ. ਅਤੇ ਕਮਾਂਡੋ ਦੀਆਂ 5 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦੇ ਕੁੱਲ 400 ਮੁਲਾਜ਼ਮ ਪੂਰੇ ਹਲਕੇ ਵਿੱਚ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ਦੀ ਨਿਗਰਾਨੀ ਲਈ ਇੱਕ ਮਾਈਕਰੋ ਆਬਜ਼ਰਵਰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 140 ਪੋਲਿੰਗ ਸਟੇਸ਼ਨਾਂ 'ਤੇ ਅੰਦਰ ਦੇ ਨਾਲ-ਨਾਲ ਬਾਹਰੋਂ ਵੀ ਵੀਡੀਓਗ੍ਰਾਫੀ ਹੋਵੇਗੀ। ਅੰਦਰੋਂ ਵੀਡੀਓਗ੍ਰਾਫੀ ਹਰੇਕ ਪੋਲਿੰਗ ਸਟੇਸ਼ਨ ਦੀ ਹੋਵੇਗੀ।
ਸ੍ਰੀ ਅਗਰਵਾਲ ਨੇ ਵੋਟਰਾਂ, ਉਮੀਦਵਾਰਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੋਟਰ ਪੈਸੇ ਲੈ ਕੇ ਵੋਟ ਪਾਉਂਦਾ ਹੈ ਜਾਂ ਕੋਈ ਉਮੀਦਵਾਰ ਜਾਂ ਪਾਰਟੀ ਕਿਸੇ ਵੋਟਰ ਨੂੰ ਵੋਟ ਲਈ ਪੈਸੇ ਦੀ ਪੇਸ਼ਕਸ਼ ਕਰਦੀ ਹੈ ਤਾਂ ਉਸ ਵਿਰੁੱਧ ਧਾਰਾ 178 ਬੀ ਦੇ ਤਹਿਤ ਅਪਰਾਧਕ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਕਿਸੇ ਵੋਟਰ ਨੂੰ ਡਰਾ, ਧਮਕਾ ਕੇ ਜਾਂ ਸੱਟ ਫੇਟ ਮਾਰਕੇ ਵੋਟ ਪਵਾਉਣ ਦੀ ਸੂਰਤ ਵਿੱਚ ਦੋਸ਼ੀ ਵਿਰੁਧ ਧਾਰਾ 171 ਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਨਾਲ ਸੰਬੰਧਤ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 127 ਏ ਦੇ ਤਹਿਤ ਦੋਸ਼ੀ ਮੰਨਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
21 ਅਤੇ 24 ਅਕਤੂਬਰ ਨੂੰ 'ਡਰਾਈ ਡੇਅ' ਰਹੇਗਾ
ਸ੍ਰੀ ਅਗਰਵਾਲ ਨੇ ਦੱਸਿਆ ਕਿ ਸੂਬੇ ਭਰ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਨੂੰ ਧਿਆਨ ਵਿੱਚ ਰੱਖਦਿਆਂ ਆਬਕਾਰੀ ਅਤੇ ਕਰ ਕਮਿਸ਼ਨ ਪੰਜਾਬ ਵੱਲੋਂ ਸੰਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਮਿਤੀ 19 ਅਕਤੂਬਰ ਦੀ ਸ਼ਾਮ 6.00 ਵਜੇ ਤੋਂ ਲੈ ਕੇ ਮਿਤੀ 21 ਅਕਤੂਬਰ, 2019 ਦੀ ਸ਼ਾਮ 6.00 ਵਜੇ ਤੱਕ ਅਤੇ ਮਿਤੀ 24 ਅਕਤੂਬਰ, 2019 ਨੂੰ ਪੂਰਾ ਦਿਨ 'ਡਰਾਈ ਡੇਅ' ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਇਹ ਡਰਾਈ ਡੇਅ ਵਿਧਾਨ ਸਭਾ ਹਲਕਾ ਦਾਖਾ ਦੇ ਨਾਲ 3 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਖੇਤਰਾਂ ਵਿੱਚ ਵੀ ਲਾਗੂ ਰਹੇਗਾ। ਇਨ੍ਹਾਂ ਹੁਕਮਾਂ ਤਹਿਤ ਹੋਟਲਾਂ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ, ਬੀਅਰ/ਹਾਰਡ ਬਾਰਾਂ, ਢਾਬਿਆਂ, ਰੈਸਟੋਰੈਂਟਾਂ, ਕਲੱਬਾਂ ਮੈਰਿਜ ਪੈਲੇਸਾਂ, ਦੁਕਾਨਾਂ, ਜਨਤਕ/ਪ੍ਰਾਈਵੇਟ ਥਾਂਵਾਂ ਅਤੇ ਸ਼ਰਾਬ ਦੇ ਅਹਾਤਿਆਂ 'ਚ ਉਕਤ ਦਿਨਾਂ ਨੂੰ ਮੁਕੰਮਲ ਸ਼ਰਾਬਬੰਦੀ ਹੋਵੇਗੀ। ਨਾ ਹੀ ਕੋਈ ਵਿਅਕਤੀ ਇਨ੍ਹਾਂ ਦਿਨਾਂ ਵਿੱਚ ਸ਼ਰਾਬ ਸਟੋਰ ਕਰ ਸਕਦਾ ਹੈ। ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਵੋਟਰ ਪਹਿਚਾਣ ਦੇ ਸਬੂਤ ਵਜੋਂ ਵਰਤੇ ਜਾ ਸਕਣਗੇ 11 ਦਸਤਾਵੇਜ
ਲੁਧਿਆਣਾ ਪੁਲਿਸ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਦੋਰਾਨ ਵੋਟ ਕਰਨ ਸਮੇਂ ਵੋਟਰ ਦੀ ਸਹੀ ਪਛਾਣ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਭਾਰਤ ਵੱਲੋਂ ਵੋਟਰ ਫੋਟੋ ਪਹਿਚਾਣ ਪੱਤਰ (ਐਪਿਕ ਵੋਟਰ ਆਈ.ਡੀ. ਕਾਰਡ) ਤੋਂ ਇਲਾਵਾ ਵੋਟਰ ਪਹਿਚਾਣ ਦੇ ਸਬੂਤ ਵਜੋਂ 11 ਹੋਰ ਦਸਤਾਵੇਜਾਂ ਨੂੰ ਵਰਤਣ ਦੀ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀ' ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਹਿਤ ਪੈਨਸ਼ਨ ਦਸਤਾਵੇਜ ਅਤੇ ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।
ਸ਼ਾਮ 6.30 ਵਜੇ ਤੱਕ ਰਹੇਗੀ ਐਗਜਿਟ ਪੋਲ 'ਤੇ ਪਾਬੰਦੀ
ਭਾਰਤੀ ਚੋਣ ਕਮਿਸ਼ਨ ਨੇ ਮਿਤੀ 21 ਅਕਤੂਬਰ, 2019 ਤੱਕ ਦੇਸ਼ ਭਰ ਵਿੱਚ ਐਗਜ਼ਿਟ ਪੋਲ 'ਤੇ ਪਾਬੰਦੀ ਲਾਈ ਹੋਈ ਹੈ। ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਏ ਅਨੁਸਾਰ ਮਿਤੀ 19 ਅਕਤੂਬਰ, 2019 ਸ਼ਾਮ 6:30 ਵਜੇ ਤੋਂ ਲੈ ਕੇ 21 ਅਕਤੂਬਰ, 2019 ਤੱਕ ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਨੂੰ ਦਿਖਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਹੋਰ ਸਪੱਸ਼ਟ ਕੀਤਾ ਕਿ ਚੋਣਾਂ ਵਾਲੇ ਖੇਤਰਾਂ ਵਿੱਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨੂੰ ਨਹੀਂ ਦਿਖਾ ਸਕੇਗਾ।